ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧੀਆਂ, IMA ਨੇ ਪੁਲਸ ''ਚ ਦਰਜ ਕਰਵਾਈ ਸ਼ਿਕਾਇਤ
Thursday, May 27, 2021 - 02:51 PM (IST)
ਨਵੀਂ ਦਿੱਲੀ (ਕਮਲ ਕਾਂਸਲ)- ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਜਨਰਲ ਸਕੱਤਰ ਡਾ. ਜਯੇਸ਼ ਲੇਲੇ ਨੇ ਰਾਮਦੇਵ ਵਿਰੁੱਧ ਦਿੱਲੀ ਦੇ ਆਈ.ਪੀ.ਐਸਟੇਟ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਰਾਮਦੇਵ ਕੋਰੋਨਾ ਦੇ ਇਲਾਜ ਨੂੰ ਲੈ ਕੇ ਭਰਮ ਫੈਲਾ ਰਹੇ ਹਨ, ਜੋ ਇਕ ਅਪਰਾਧ ਹੈ।
ਇਸ ਤੋਂ ਪਹਿਲਾਂ ਆਈ.ਐੱਮ.ਏ. ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਕੋਰੋਨਾ ਦੇ ਇਲਾਜ ਲਈ ਸਰਕਾਰ ਦੇ ਪ੍ਰੋਟੋਕਾਲ ਨੂੰ ਚੁਣੌਤੀ ਦੇਣ ਅਤੇ ਟੀਕਾਕਰਨ 'ਤੇ ਗਲਤ ਪ੍ਰਚਾਰ ਕਰਨ ਵਾਲੀ ਮੁਹਿੰਮ ਚਲਾਉਣ ਲਈ ਯੋਗ ਗੁਰੂ ਰਾਮਦੇਵ 'ਤੇ ਤੁਰੰਤ ਦੇਸ਼ਧ੍ਰੋਹ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਹੋਣਾ ਚਾਹੀਦਾ। ਆਈ.ਐੱਮ.ਏ. ਨੇ ਰਾਮਦੇਵ ਨੂੰ ਮਾਣਹਾਨੀ ਦਾ ਨੋਟਿਸ ਵੀ ਭੇਜਿਆ ਹੈ। ਸੰਘ ਨੇ ਰਾਮਦੇਵ ਨੂੰ 15 ਦਿਨਾਂ ਅੰਦਰ ਮੁਆਫ਼ੀ ਮੰਗਣ ਲਈ ਕਿਹਾ ਹੈ ਅਤੇ ਅਜਿਹਾ ਨਹੀਂ ਹੋਣ 'ਤੇ ਉਹ ਉਨ੍ਹਾਂ ਤੋਂ ਇਕ ਹਜ਼ਾਰ ਕਰੋੜ ਰੁਪਏ ਦੀ ਨੁਕਸਾਨ ਰਾਸ਼ੀ ਮੰਗੇਗਾ।
ਦੱਸਣਯੋਗ ਹੈ ਕਿ ਰਾਮਦੇਵ ਨੇ ਵਾਇਰਲ ਹੋਏ ਵੀਡੀਓ 'ਚ ਜਾਰੀ ਆਪਣੇ ਬਿਆਨ ਨੂੰ ਐਤਵਾਰ ਨੂੰ ਵਾਪਸ ਲੈ ਲਿਆ ਸੀ। ਇਸ 'ਚ ਉਨ੍ਹਾਂ ਨੇ ਕੋਰੋਨਾ ਵਾਇਰਸ ਸੰਕਰਮਣ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਕੁਝ ਦਵਾਈਆਂ 'ਤੇ ਸਵਾਲ ਚੁੱਕਦੇ ਹੋਏ ਅਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਕੋਵਿਡ-19 ਦੇ ਇਲਾਜ 'ਚ ਐਲੋਪੈਥਿਕ ਦਵਾਈਆਂ ਲੈਣ ਕਾਰਨ ਲੱਖਾਂ ਲੋਕ ਮਰ ਗਏ।'' ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਵੀ ਰਾਮਦੇਵ ਨੂੰ ਇਸ ਬੇਹੱਦ ਮੰਦਭਾਗੀ ਬਿਆਨ ਨੂੰ ਵਾਪਸ ਲੈਣ ਲਈ ਕਿਹਾ ਸੀ।
ਇਹ ਵੀ ਪੜ੍ਹੋ : ਐਲੋਪੈਥਿਕ ਦਵਾਈਆਂ ’ਤੇ ਆਪਣੀ ਟਿੱਪਣੀ ਵਾਪਸ ਲੈਂਦਾ ਹਾਂ, ਵਿਵਾਦ ’ਤੇ ਹੈ ਅਫਸੋਸ : ਰਾਮਦੇਵ