ਰਾਤੋ-ਰਾਤ ਦੇਸ਼ ਭਰ ''ਚ ਮਸ਼ਹੂਰ ਹੋਣ ਵਾਲਾ ''ਬਾਬਾ ਕਾ ਢਾਬਾ, ਹੁਣ ਬਣ ਗਿਆ ਹੈ ਖੂਬਸੂਰਤ ਰੈਸਟੋਰੈਂਟ (ਤਸਵੀਰਾਂ)
Monday, Dec 21, 2020 - 06:02 PM (IST)
ਨਵੀਂ ਦਿੱਲੀ- ਵੀਡੀਓ ਵਾਇਰਲ ਹੁੰਦੇ ਹੀ ਰਾਤੋ-ਰਾਤ ਮਸ਼ਹੂਰ ਹੋਇਆ 'ਬਾਬਾ ਕਾ ਢਾਬਾ' ਹੁਣ ਰੈਸਟੋਰੈਂਟ 'ਚ ਬਦਲ ਗਿਆ ਹੈ। ਢਾਬੇ ਤੋਂ ਲੈ ਕੇ ਰੈਸਟੋਰੈਂਟ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਕਾਮਤਾ ਪ੍ਰਸਾਦ ਲਈ ਇੱਥੇ ਤੱਕ ਪਹੁੰਚਣਾ ਸੌਖਾ ਨਹੀਂ ਸੀ। ਪਰ ਇਕ ਵੀਡੀਓ ਨੇ ਉਨ੍ਹਾਂ ਨੂੰ ਇੱਥੇ ਤੱਕ ਪਹੁੰਚਾ ਦਿੱਤਾ। ਰੈਸਟੋਰੈਂਟ ਖੋਲ੍ਹਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ। ਭਗਵਾਨ ਨੇ ਸਾਡੀ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਉਹ ਮੇਰੇ ਰੈਸਟੋਰੈਂਟ ਜ਼ਰੂਰ ਆਉਣ।
ਅੱਜ ਯਾਨੀ ਸੋਮਵਾਰ ਨੂੰ ਰੈਸਟੋਰੈਂਟ ਦਾ ਪਹਿਲਾ ਦਿਨ ਸੀ ਅਤੇ ਅੱਜ ਹੀ ਉੱਥੇ ਕਾਫ਼ੀ ਗਿਣਤੀ 'ਚ ਲੋਕ ਆ ਰਹੇ ਸਨ। ਬਾਬਾ ਨੇ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਿਆ ਹੈ। ਰੈਸਟੋਰੈਂਟ 'ਚ ਸੀ.ਸੀ.ਟੀ.ਵੀ. ਕੈਮਰਾ ਲਗਾਇਆ ਹੈ। ਇਸ ਦੇ ਨਾਲ ਹੀ ਅੰਦਰ ਦੀ ਸਜਾਵਟ ਵੀ ਕਾਫ਼ੀ ਖੂਬਸੂਰਤ ਕੀਤੀ ਗਈ ਹੈ। ਕਾਂਤਾ ਪ੍ਰਸਾਦ ਅਨੁਸਾਰ ਰੈਸਟੋਰੈਂਟ ਦੇ ਮੈਨਿਊ 'ਚ ਇੰਡੀਅਨ ਅਤੇ ਚਾਈਨੀਜ਼ ਖਾਣਾ ਹੋਵੇਗਾ। ਹਾਲਾਂਕਿ ਮੈਨਿਊ ਕਾਰਡ ਬਣ ਕੇ ਆਉਣਾ ਹਾਲੇ ਬਾਕੀ ਹੈ। ਰੈਸਟੋਰੈਂਟ 'ਤੇ ਖਾਣਾ ਬਣਾਉਣ ਲਈ 2 ਸ਼ੈੱਫ ਰੱਖੇ ਗਏ ਹਨ ਅਤੇ 1 ਸਪੋਰਟਿੰਗ ਸਟਾਫ਼ ਹੈ। ਕਾਂਤਾ ਪ੍ਰਸਾਦ ਆਪਣਾ ਪੁਰਾਣਾ ਢਾਬਾ ਵੀ ਚਲਾਉਣਗੇ ਅਤੇ ਨਵੇਂ ਰੈਸਟੋਰੈਂਟ ਨੂੰ ਚਲਾਉਣ 'ਚ ਉਨ੍ਹਾਂ ਦੇ ਪੁੱਤ ਉਨ੍ਹਾਂ ਦੀ ਮਦਦ ਕਰਨਗੇ। ਨਵਾਂ ਰੈਸਟੋਰੈਂਟ ਪੁਰਾਣੀ ਵਾਲੀ ਦੁਕਾਨ ਤੋਂ ਸਿਰਫ਼ 5 ਮਿੰਟ ਦੀ ਦੂਰੀ 'ਤੇ ਸਥਿਤ ਹੈ। ਅੱਜ ਬਾਬਾ ਦੇ ਢਾਬੇ ਦੇ ਮਾਲਕ ਕਾਮਤਾ ਪ੍ਰਸਾਦ ਦਾ ਚਿਹਰਾ ਖਿੜਿਆ ਹੋਇਆ ਸੀ।