'ਜੈ ਬਾਬਾ ਸੋਢਲ' ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਮੇਲੇ ਦੌਰਾਨ ਵੱਡੀ ਗਿਣਤੀ 'ਚ ਨਤਮਸਤਕ ਹੋਣ ਪੁੱਜੇ ਸ਼ਰਧਾਲੂ
Friday, Sep 25, 2026 - 03:48 PM (IST)
ਜਲੰਧਰ (ਵਿਨੀਤ)-ਜਲੰਧਰ ਵਿਚ ਅੱਜ ਬੜੀ ਧੂਮਧਾਮ ਨਾਲ ਬਾਬਾ ਸੋਢਲ ਦਾ ਮੇਲਾ ਮਨਾਇਆ ਜਾ ਰਿਹਾ ਹੈ। ਸ਼੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ (ਰਜਿ.) ਅਤੇ ਚੱਢਾ ਬਰਾਦਰੀ (ਰਜਿ.) ਵੱਲੋਂ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਦੇ ਵਿਹੜੇ ਵਿਚ ਬੀਤੇ ਦਿਨ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਜਿਸ ਤੋਂ ਬਾਅਦ ਮੇਲੇ ਦਾ ਆਗਾਜ਼ ਹੋਇਆ। ਇਸ ਦੇ ਇਲਾਵਾ ਅੱਜ ਸਵੇਰੇ ਹਵਨ ਕੀਤਾ ਗਿਆ। ਦੂਰੋ-ਦੂਰੋ ਲੋਕ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਚ ਨਤਮਸਤਕ ਹੋਣ ਪਹੁੰਚ ਰਹੇ ਹਨ ਅਤੇ ਬਾਬਾ ਸੋਢਲ ਦਾ ਆਸ਼ੀਰਵਾਦ ਲੈ ਰਹੇ ਹਨ। ਇਸ ਦੌਰਾਨ ਪੂਰਾ ਸ਼ਹਿਰ 'ਜੈ ਬਾਬਾ ਸੋਢਲ' ਦੇ ਜੈਕਾਰਿਆਂ ਨਾਲ ਗੂੰਜਿਆ। ਮੇਲੇ ਨੂੰ ਲੈ ਕੇ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਸਬੰਧੀ ਪੁਲਸ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ 1500 ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਇਲਾਵਾ ਸੰਗਤ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਥਾਂ-ਥਾਂ 'ਤੇ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ ਹਨ।

ਝੰਡੇ ਦੀ ਰਸਮ 'ਚ ਸ਼ਾਮਲ ਹੋਏ ਸਨ ‘ਪੰਜਾਬ ਕੇਸਰੀ ਗਰੁੱਪ’ ਦੇ ਡਾਇਰੈਕਟਰ ਅਭਿਨਵ ਚੋਪੜਾ
ਇਥੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਚ ਝੰਡੇ ਦੀ ਰਸਮ ਕੀਤੀ ਗਈ ਸੀ। ਇਸ ਦੌਰਾਨ'ਪੰਜਾਬ ਕੇਸਰੀ ਗਰੁੱਪ' ਦੇ ਡਾਇਰੈਕਟਰ ਅਭਿਨਵ ਚੋਪੜਾ ਮੁੱਖ ਮਹਿਮਾਨ ਦੇ ਤੌਰ 'ਤੇ ਸਾਮਲ ਹੋਏ ਸਨ ਅਤੇ ਬਾਬਾ ਸੋਢਲ ਜੀ ਦਾ ਆਸ਼ੀਰਵਾਦ ਲਿਆ। ਪ੍ਰਧਾਨ ਪੰਕਜ ਚੱਢਾ, ਚੱਢਾ ਬਰਾਦਰੀ ਦੇ ਪ੍ਰਧਾਨ ਅਤੁਲ ਚੱਢਾ ਅਤੇ ਮੀਤ ਪ੍ਰਧਾਨ ਆਰੁਸ਼ ਚੱਢਾ ਨੇ ਮੇਲੇ ਦਾ ਆਗਾਜ਼ ਕੀਤਾ।
ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ

ਉਨ੍ਹਾਂ ਰਵਾਇਤੀ ਢੰਗ ਨਾਲ ਮੇਲੇ ਦਾ ਸ਼ੁੱਭਆਰੰਭ ਕਰਦੇ ਹੋਏ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਬਾਬਾ ਸੋਢਲ ਜੀ ਦੀ ਕ੍ਰਿਪਾ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸ਼ਰਧਾਲੂ ਬੈਂਡਵਾਜੇ ਦੀ ਧੁਨ ’ਤੇ ਨੱਚਦੇ-ਗਾਉਂਦੇ ਬਾਬਾ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਮੰਦਰ ਪਹੁੰਚਦੇ ਹਨ। ਝੰਡੇ ਦੀ ਰਸਮ ਦੌਰਾਨ ਢੋਲ ਦੀ ਧੁਨ ’ਤੇ ਝੂਮਦੇ ਹੋਏ ਭਗਤਾਂ ਨੇ ਬਾਬਾ ਸੋਢਲ ਜੀ ਦੇ ਜੈਕਾਰੇ ਲਾ ਕੇ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।
ਸ਼੍ਰੀ ਸਿੱਧ ਬਾਬਾ ਸੋਢਲ ਨਤਮਸਤਕ ਹੋਏ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਵਿਖੇ ਪਹੁੰਚ ਕੇ ਨਤਮਸਤਕ ਹੋਏ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਰਾਜਪਾਲ ਕਟਾਰੀਆ ਨੇ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਵੀ ਮੱਥਾ ਟੇਕਿਆ। ਰਾਜਪਾਲ ਦੀ ਇਸ ਫੇਰੀ ਦੌਰਾਨ ਸੋਢਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਢਾ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਨਿੰਦਰ ਪਾਲ ਸਿੰਘ ਗੁੰਬਰ ਸਮੇਤ ਕਈ ਪਤਵੰਤੇ ਮੌਜੂਦ ਰਹੇ।
ਇਸ ਮੌਕੇ ਗੁਲਾਬਚੰਦ ਕਟਾਰੀਆ ਨੇ ਕਿਹਾ ਕਿ ਸ੍ਰੀ ਸਿੱਧ ਬਾਬਾ ਸੋਢਲ ਨਾਲ ਦੇਸ਼ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੱਸਦੇ ਸ਼ਰਧਾਲੂਆਂ ਦੀ ਵੀ ਡੂੰਘੀ ਆਸਥਾ ਅਤੇ ਭਾਵਨਾਤਮਕ ਸਾਂਝ ਹੈ। ਇਸੇ ਆਸਥਾ ਦੇ ਚੱਲਦਿਆਂ ਹਰ ਸਾਲ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਕੇ ਬਾਬਾ ਜੀ ਦੇ ਦਰ ’ਤੇ ਨਤਮਸਤਕ ਹੁੰਦੇ ਹਨ। ਰਾਜਪਾਲ ਨੇ ਸਮੂਹ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਖ਼ੁਸ਼ਹਾਲੀ ਅਤੇ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ।






ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਵੱਡੀ ਵਾਰਦਾਤ! ਹੈੱਡ ਕਾਂਸਟੇਬਲ ਦਾ ਗੋਲ਼ੀ ਮਾਰ ਕੇ ਕਤਲ, ਬੈੱਡ ਤੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
