‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਸ਼ੁਰੂ, ਸ਼ਰਧਾਲੂਆਂ ’ਚ ਦਿੱਸਿਆ ਉਤਸ਼ਾਹ
Thursday, Jun 30, 2022 - 10:17 AM (IST)
ਜੰਮੂ- ਪਵਿੱਤਰ ਅਮਰਨਾਥ ਯਾਤਰਾ ਵੀਰਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਨੁਨਵਾਨ ਆਧਾਰ ਕੈਂਪ ਤੋਂ 2,750 ਤੀਰਥ ਯਾਤਰੀਆਂ ਦਾ ਜਥਾ ‘ਜੈ ਭੋਲੇਨਾਥ’ ਅਤੇ ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਪਵਿੱਤਰ ਬਾਬਾ ਬਰਫ਼ਾਨੀ ਗੁਫ਼ਾ ਮੰਦਰ ਲਈ ਰਵਾਨਾ ਹੋਇਆ। ਜੈਕਾਰਿਆਂ ਨਾਲ ਯਾਤਰਾ ਮਾਰਗ ਗੂੰਜ ਉੱਠਿਆ। ਸਥਾਨਕ ਲੋਕਾਂ ਨੇ ਅਮਰਨਾਥ ਯਾਤਰੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਸ਼ਰਧਾਲੂਆਂ ਨੂੰ ਕਾਫੀ ਉਤਸ਼ਾਹ ਦਿੱਸਿਆ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ: ਸਿਨਹਾ ਨੇ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਕੀਤਾ ਰਵਾਨਾ, ਲੱਗੇ ਬਾਬਾ ਬਰਫ਼ਾਨੀ ਦੇ ਜੈਕਾਰੇ
ਦੱਸ ਦੇਈਏ ਕਿ ਡਿਪਟੀ ਕਮਿਸ਼ਨਰ ਪਿਊਸ਼ ਸਿੰਗਲਾ ਨੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਨੁਨਵਾਨ ਆਧਾਰ ਕੈਂਪ ਤੋਂ ਤੀਰਥ ਯਾਤਰੀਆਂ ਦੇ ਜਥੇ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਸਿੰਗਲਾ ਨੇ ਦੱਸਿਆ ਕਿ 43 ਦਿਨਾਂ ਤੀਰਥ ਯਾਤਰਾ ਦਾ ਸੁਚਾਰੂ ਢੰਗ ਨਾਲ ਸੰਚਾਲਨ ਯਕੀਨੀ ਕਰਨ ਲਈ ਸਾਰੇ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹ ਯਕੀਨੀ ਕਰਨਾ ਹੈ ਕਿ ਤੀਰਥ ਯਾਤਰੀ ਸੁਰੱਖਿਅਤ ਮਹਿਸੂਸ ਕਰਨ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਮੰਦਰ ਦੀ ਪਵਿੱਤਰ ਗੁਫ਼ਾ ’ਚ ਸ਼ਿਵਲਿੰਗ ਦੇ ਦਰਸ਼ਨ ਕਰ ਸਕਣ। ਅਮਰਨਾਥ ਯਾਤਰਾ 11 ਅਗਸਤ ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।
ਇਸ ਵਾਰ ਵਧੇਰੇ ਸੁਰੱਖਿਆ ਵਿਵਸਥਾ-
ਦੱਸ ਦੇਈਏ ਕਿ ਅਮਰਨਾਥ ਯਾਤਰਾ 2022 ਨੂੰ ਲੈ ਕੇ ਜੰਮੂ ਪ੍ਰਸ਼ਾਸਨ ਨੇ ਸੁਰੱਖਿਆ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਯਾਤਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਵਾਹਨ ਨੂੰ ਬੇਸਹਾਰਾ ਨਾ ਛੱਡਣ ਅਤੇ ਬੇਸ ਕੈਂਪ 'ਤੇ ਹੀ ਪਾਰਕ ਕਰਨ। ਇਸ ਵਾਰ ਅਮਰਨਾਥ ਯਾਤਰਾ ਲਈ 15,000 ਵਾਧੂ ਸੈਨਿਕ ਤਾਇਨਾਤ ਕੀਤੇ ਗਏ ਹਨ। ਯਾਤਰਾ ਰੂਟ 'ਤੇ ਸਨਾਈਪਰ ਵੀ ਤਾਇਨਾਤ ਕੀਤੇ ਗਏ ਹਨ, ਸੁਰੱਖਿਆ ਦੇ ਲਿਹਾਜ਼ ਨਾਲ ਸਿਰਫ ਸੀਨੀਅਰ ਅਧਿਕਾਰੀਆਂ ਨੂੰ ਹੀ ਲੋਕੇਸ਼ਨ ਦੀ ਜਾਣਕਾਰੀ ਹੋਵੇਗੀ।
ਇਹ ਵੀ ਪੜ੍ਹੋ- ਬਾਬਾ ਬਰਫਾਨੀ ਦੇ ਦਰਸ਼ਨ ਕੱਲ੍ਹ ਤੋਂ, ਅਮਰਨਾਥ ਯਾਤਰਾ ਦੌਰਾਨ ਪਹਿਲੀ ਵਾਰ ਤਾਇਨਾਤ ਹੋਣਗੇ ਐਂਟੀ ਡ੍ਰੋਨ ਸਿਸਟਮ
ਸੁਰੱਖਿਆ ਦੀ ਜ਼ਿੰਮੇਵਾਰੀ ਭਾਰਤੀ ਫੌਜ, BSF, ITBP, NDFR, SDRF, MRT JK ਪੁਲਸ ਕੋਲ ਹੈ। ਇਸ ਵਾਰ ਡੀ.ਆਰ.ਡੀ.ਓ ਵੀ ਸੁਰੱਖਿਆ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਸੁਪਰ ਹਾਈ ਰੈਜ਼ੋਲਿਊਸ਼ਨ ਵਾਲੇ ਕੈਮਰੇ ਵਰਤੇ ਜਾ ਰਹੇ ਹਨ, ਜੋ 3 ਕਿਲੋਮੀਟਰ ਦੀ ਦੂਰੀ ਤੋਂ ਵੀ ਲੋਕਾਂ ਦੇ ਚਿਹਰਿਆਂ ਨੂੰ ਸਾਫ਼-ਸਾਫ਼ ਪਛਾਣ ਸਕਦੇ ਹਨ। ਯਾਤਰਾ ਦੇ ਦੋਵਾਂ ਰੂਟਾਂ ਅਤੇ ਕੁਝ ਅਣਜਾਣ ਥਾਵਾਂ 'ਤੇ 50 ਤੋਂ ਵੱਧ ਡਰੋਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਅਮਰਨਾਥ ਯਾਤਰੀਆਂ ਨੂੰ ਫੌਜ ਦੇ ਕਾਫਲੇ ਤੋਂ ਬਿਨਾਂ ਨਹੀਂ ਜਾਣ ਦਿੱਤਾ ਜਾਵੇਗਾ। ਉੱਪ ਰਾਜਪਾਲ ਮਨੋਜ ਸਿਨਹਾ ਖੁਦ ਰੋਜ਼ਾਨਾ ਆਧਾਰ 'ਤੇ ਯਾਤਰਾ, ਸੁਰੱਖਿਆ ਅਤੇ ਪ੍ਰਬੰਧਨ ਦੀ ਸਮੀਖਿਆ ਕਰ ਰਹੇ ਹਨ। ਦੱਸਣਯੋਗ ਹੈ ਕਿ ਸਾਲ 2019 ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਅੱਤਵਾਦੀਆਂ ’ਚ ਬੌਖਲਾਹਟ ਹੈ ਅਤੇ ਉਨ੍ਹਾਂ ਨੇ ਟਾਰਗੇਟ ਕਿਲਿੰਗ ਦਾ ਰਾਹ ਅਪਣਾ ਲਿਆ ਹੈ। ਅਮਰਨਾਥ ਯਾਤਰਾ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ ਅੱਤਵਾਦੀ ਸਟਿੱਕੀ ਬੰਬਾਂ ਦੀ ਵਰਤੋਂ ਕਰ ਸਕਦੇ ਹਨ।
ਇਹ ਵੀ ਪੜ੍ਹੋ- ਪੜ੍ਹੋ ਅਮਰਨਾਥ ਦੀ ਪਵਿੱਤਰ ਗੁਫ਼ਾ ਨਾਲ ਸਬੰਧ ਕਹਾਣੀ, ਮੁਸਲਿਮ ਕਰਦੇ ਨੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ