ਅਯੁੱਧਿਆ : ਊਧਵ ਠਾਕਰੇ ਨੇ ਰਾਮ ਮੰਦਰ ਲਈ ਦਿੱਤਾ ਇਕ ਕਰੋੜ ਦਾ ਦਾਨ
Saturday, Mar 07, 2020 - 03:43 PM (IST)
ਅਯੁੱਧਿਆ— ਮਹਾਰਾਸ਼ਟਰ ਦੀ ਕਮਾਨ ਸੰਭਾਲਣ ਦੇ 100 ਦਿਨਾਂ ਬਾਅਦ ਜਦੋਂ ਮੁੱਖ ਮੰਤਰੀ ਊਧਵ ਠਾਕਰੇ ਅਯੁੱਧਿਆ ਪੁੱਜੇ ਤਾਂ ਇਕ ਵਾਰ ਫਿਰ ਉਨ੍ਹਾਂ ਨੇ ਹਿੰਦੁਤੱਵ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਰਾਮ ਮੰਦਰ ਲਈ ਇਕ ਕਰੋੜ ਰੁਪਏ ਦਾਨ ਕਰ ਕੇ ਊਧਵ ਨੇ ਸਾਫ਼ ਕਰ ਦਿੱਤਾ ਕਿ ਸ਼ਿਵ ਸੈਨਾ ਦੀ ਵਿਚਾਰਧਾਰਾ ਨੂੰ ਲੈ ਕੇ ਉਹ ਆਪਣੀ ਰਾਹ 'ਤੇ ਕਾਇਮ ਹਨ। ਨਾਲ ਹੀ ਊਧਵ ਨੇ ਸਾਫ਼ ਕਿਹਾ ਕਿ ਰਾਮਲਲਾ ਦਾ ਮੰਦਰ ਬਣਾਉਣਾ ਅਸੀਂ ਸਾਰਿਆਂ ਦੀ ਜ਼ਿੰਮੇਵਾਰੀ ਹੈ। ਮੰਦਰ ਅਜਿਹਾ ਸ਼ਾਨਦਾਰ ਬਣਨਾ ਚਾਹੀਦਾ ਹੈ ਕਿ ਦੁਨੀਆ ਦੇਖੇ।
ਇਕ ਕਰੋੜ ਰੁਪਏ ਕੀਤੇ ਦਾਨ
ਊਧਵ ਨੇ ਕਿਹਾ,''ਮੈਂ ਇੱਥੇ ਰਾਮਲਲਾ ਦਾ ਆਸ਼ੀਰਵਾਦ ਲੈਣ ਆਇਆ ਹਾਂ। ਅੱਜ ਇੱਥੇ ਮੇਰੇ ਨਾਲ 'ਭਗਵਾ ਪਰਿਵਾਰ' ਦੇ ਕਈ ਮੈਂਬਰ ਹਨ। ਪਿਛਲੇ ਡੇਢ ਸਾਲਾਂ ਦੌਰਾਨ ਅਯੁੱਧਿਆ ਦਾ ਇਹ ਮੇਰਾ ਤੀਜਾ ਦੌਰਾ ਹੈ। ਮੈਂ ਅੱਜ ਇੱਥੇ ਦਰਸ਼ਨ-ਪੂਜਨ ਵੀ ਕਰਾਂਗਾ। ਮੈਂ ਰਾਮ ਮੰਦਰ ਲਈ ਇਕ ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕਰਦਾ ਹਾਂ। ਇਹ ਦਾਨ ਸੂਬਾ ਸਰਕਾਰ ਵਲੋਂ ਨਹੀਂ ਸਗੋਂ ਮੇਰੇ ਟਰੱਸਟ ਤੋਂ ਦਿੱਤਾ ਜਾਵੇਗਾ।''
ਭਾਜਪਾ 'ਤੇ ਸਾਧਿਆ ਨਿਸ਼ਾਨਾ
ਊਧਵ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਮੈਂ ਭਾਜਪਾ ਤੋਂ ਵੱਖ ਹੋਇਆ ਹਾਂ, ਹਿੰਦੁਤੱਵ ਤੋਂ ਨਹੀਂ। ਭਾਜਪਾ ਦਾ ਮਤਲਬ ਹਿੰਦੁਤੱਵ ਨਹੀਂ ਹੈ। ਹਿੰਦੁਤੱਵ ਵੱਖ ਹੈ ਅਤੇ ਭਾਜਪਾ ਵੱਖ ਹੈ।'' ਊਧਵ ਠਾਕਰੇ ਨੇ 28 ਨਵੰਬਰ ਨੂੰ ਮਹਾਰਾਸ਼ਟਰ 'ਚ ਕਾਂਗਰਸ ਅਤੇ ਐੱਨ.ਸੀ.ਪੀ. ਨਾਲ ਗਠਜੋੜ ਕਰ ਕੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ।
ਕੋਰੋਨਾ ਵਾਇਰਸ ਕਾਰਨ ਰੱਦ ਹੋਇਆ ਆਰਤੀ ਦਾ ਪ੍ਰੋਗਰਾਮ
ਮੁੱਖ ਮੰਤਰੀ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਅਯੁੱਧਿਆ ਪਹੁੰਚੇ ਹਨ। ਅਯੁੱਧਿਆ 'ਚ ਊਧਵ ਦਾ ਸਰਯੂ ਆਰਤੀ 'ਚ ਸ਼ਾਮਲ ਹੋਣ ਅਤੇ ਜਨ ਸਭਾ ਕਰਨ ਦਾ ਵੀ ਪ੍ਰੋਗਰਾਮ ਸੀ ਪਰ ਕੋਰੋਨਾ ਵਾਇਰਸ ਨੂੰ ਲੈ ਕੇ ਗ੍ਰਹਿ ਮੰਤਰਾਲੇ ਅਤੇ ਸਿਹਤ ਮੰਤਰਾਲੇ ਵਲੋਂ ਐਡਵਾਇਜ਼ਰੀ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ।
ਯੋਗੀ ਤੋਂ ਕੀਤੀ ਜ਼ਮੀਨ ਮੁਹੱਈਆ ਕਰਵਾਉਣ ਦੀ ਅਪੀਲ
ਊਧਵ ਨੇ ਕਿਹਾ,''ਮੈਂ ਵਾਰ-ਵਾਰ ਅਯੁੱਧਿਆ ਆਵਾਂਗਾ। ਇਸ ਦੇ ਨਾਲ ਹੀ ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਅਪੀਲ ਕਰਦਾ ਹਾਂ ਕਿ ਇੱਥੇ ਜ਼ਮੀਨ ਮੁਹੱਈਆ ਕਰਵਾ ਦੇਣ, ਜਿਸ ਨਾਲ ਮਹਾਰਾਸ਼ਟਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਰੁਕਣ ਦਾ ਇੰਤਜ਼ਾਮ ਹੋ ਜਾਵੇ। ਇੱਥੇ ਮਹਾਰਾਸ਼ਟਰ ਭਵਨ ਦਾ ਨਿਰਮਾਣ ਕੀਤਾ ਜਾਵੇਗਾ।''