ਅਯੁੱਧਿਆ 'ਚ ਰਾਮ ਮੰਦਰ ਦੇ ਗੁੰਬਦਾਂ 'ਤੇ ਸੋਨੇ ਦੀ ਪਰਤ ਚੜ੍ਹਾਉਣ ਦਾ ਕੰਮ ਸ਼ੁਰੂ

Tuesday, May 27, 2025 - 05:31 PM (IST)

ਅਯੁੱਧਿਆ 'ਚ ਰਾਮ ਮੰਦਰ ਦੇ ਗੁੰਬਦਾਂ 'ਤੇ ਸੋਨੇ ਦੀ ਪਰਤ ਚੜ੍ਹਾਉਣ ਦਾ ਕੰਮ ਸ਼ੁਰੂ

ਅਯੁੱਧਿਆ- ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮਲਲਾ ਦੇ ਵਿਸ਼ਾਲ ਮੰਦਰ ਦੇ ਗੁੰਬਦਾਂ 'ਤੇ ਸੋਨੇ ਦੀ ਪਰਤ (ਪਲੇਟਿੰਗ) ਦਾ ਕੰਮ ਸ਼ੁਰੂ ਹੋ ਗਿਆ ਹੈ। ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਮੰਗਲਵਾਰ ਨੂੰ ਇੱਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਮੰਦਰ ਦੇ ਗੁੰਬਦਾਂ 'ਤੇ ਸੋਨੇ ਦੀ ਪਰਤ ਚੜ੍ਹਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਦੇ ਅਗਲੇ 2 ਤੋਂ 3 ਹਫ਼ਤਿਆਂ 'ਚ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ,''ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਇਹ ਕੰਮ ਪੂਰੀ ਤਰ੍ਹਾਂ ਨਿਰਧਾਰਤ ਪ੍ਰਕਿਰਿਆਵਾਂ ਅਤੇ ਸੁਰੱਖਿਆ ਮਾਪਦੰਡਾਂ ਅਨੁਸਾਰ ਕੀਤਾ ਜਾਵੇ। ਇਸ ਕੰਮ ਲਈ ਨਿਯੁਕਤ ਮਾਹਿਰ ਅਯੁੱਧਿਆ ਪਹੁੰਚ ਗਏ ਹਨ ਅਤੇ ਸੋਨੇ ਦੀ ਪਰਤ ਚੜ੍ਹਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।'' ਮਿਸ਼ਰਾ ਨੇ ਕਿਹਾ ਕਿ ਚੱਲ ਰਹੇ ਨਿਰਮਾਣ ਕਾਰਜ ਦੀ ਵਿਸਤ੍ਰਿਤ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ,''ਅਸੀਂ ਮੁੱਖ ਤੌਰ 'ਤੇ ਮੰਦਰ ਦੇ ਗੇਟ, ਅਸੈਂਬਲੀ ਹਾਲ ਅਤੇ ਗੈਸਟ ਹਾਊਸ ਦੀ ਪ੍ਰਗਤੀ (ਕੰਮ ਦੀ) ਸਮੀਖਿਆ ਕੀਤੀ ਹੈ। ਮੰਦਰ ਦਾ ਪਹਿਲਾ ਦਰਵਾਜ਼ਾ ਹੁਣ 30 ਜੂਨ ਤੱਕ ਬਣ ਕੇ ਤਿਆਰ ਹੋ ਜਾਵੇਗਾ। ਪਹਿਲਾਂ ਇਸ ਨੂੰ ਮਈ 'ਚ ਪੂਰਾ ਕੀਤਾ ਜਾਣਾ ਸੀ ਪਰ ਕੁਝ ਤਕਨੀਕੀ ਮੁਸ਼ਕਲਾਂ ਕਾਰਨ ਇਸ ਦਰਵਾਜ਼ੇ ਨੂੰ ਦੁਬਾਰਾ ਬਣਾਉਣਾ ਪਿਆ।''

ਉਨ੍ਹਾਂ ਕਿਹਾ ਕਿ ਗੇਟ ਨੰਬਰ 11 ਅਗਸਤ ਤੱਕ ਪੂਰਾ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਗੇਟ ਨੰਬਰ ਤਿੰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਮਿਸ਼ਰਾ ਨੇ ਕਿਹਾ ਕਿ ਰਾਮ, ਲਕਸ਼ਮਣ ਅਤੇ ਸੀਤਾ ਦੀਆਂ ਮੂਰਤੀਆਂ ਆ ਗਈਆਂ ਹਨ ਅਤੇ ਉਨ੍ਹਾਂ ਨੂੰ ਮੰਦਰ ਦੀ ਪਹਿਲੀ ਮੰਜ਼ਿਲ 'ਤੇ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਇਕ ਯੋਜਨਾਬੱਧ ਰਣਨੀਤੀ ਤਿਆਰ ਕੀਤੀ ਗਈ ਹੈ ਅਤੇ ਉਸ ਅਨੁਸਾਰ ਕੰਮ ਚੱਲ ਰਿਹਾ ਹੈ। ਮਿਸ਼ਰਾ ਦਾ ਕਹਿਣਾ ਹੈ ਕਿ ਮੰਦਰ ਦੀ ਉਸਾਰੀ ਨਾਲ ਸਬੰਧਤ ਧਾਰਮਿਕ ਸਮਾਰੋਹ 3 ਜੂਨ ਤੋਂ 5 ਜੂਨ ਤੱਕ ਹੋਣਗੇ, ਜੋ ਕਿ ਮੁੱਖ ਉਸਾਰੀ ਦੇ ਅੰਤਿਮ ਪੜਾਵਾਂ ਦੇ ਨਾਲ ਮੇਲ ਖਾਂਦਾ ਹੈ, ਜਿਸ ਤੋਂ ਬਾਅਦ ਰੱਖ-ਰਖਾਅ ਦਾ ਕੰਮ ਸ਼ੁਰੂ ਹੋਵੇਗਾ। ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਦੇ ਅਨੁਸਾਰ, ਮੰਦਰ ਕੰਪਲੈਕਸ 'ਚ ਬਾਕੀ ਉਸਾਰੀ ਦਾ ਕੰਮ ਸਤੰਬਰ ਜਾਂ ਅਕਤੂਬਰ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਕੰਪਲੈਕਸ ਦੇ ਅੰਦਰ ਸਪਤ ਮੰਦਰ ਪਹਿਲਾਂ ਹੀ ਬਣਾਇਆ ਜਾ ਚੁੱਕਾ ਹੈ ਅਤੇ ਉੱਥੇ ਰਿਸ਼ੀ-ਮੁਨੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ। ਮਿਸ਼ਰਾ ਨੇ ਕਿਹਾ,"ਰਾਮ ਮੰਦਰ ਨਿਰਮਾਣ ਦਾ ਇਹ ਪੜਾਅ ਵਿਸ਼ਵਾਸ ਅਤੇ ਸ਼ਾਨ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਇਹ ਰਾਸ਼ਟਰੀ ਮਾਣ ਅਤੇ ਸੱਭਿਆਚਾਰਕ ਪੁਨਰਜਾਗਰਣ ਵੱਲ ਇਕ ਇਤਿਹਾਸਕ ਕਦਮ ਵੀ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News