ਪੁਰਾਣੀ ਕੰਪਨੀ ਦੀਆਂ ਬੰਦ ਪਈਆਂ LED ਸਟਰੀਟ ਲਾਈਟਾਂ ਨੂੰ ਬਦਲਣ ਦਾ ਕੰਮ ਸ਼ੁਰੂ, ਡਾਰਕ ਪੁਆਇੰਟ ਵੀ ਹੋਣਗੇ ਰੌਸ਼ਨ

Friday, Aug 01, 2025 - 04:46 PM (IST)

ਪੁਰਾਣੀ ਕੰਪਨੀ ਦੀਆਂ ਬੰਦ ਪਈਆਂ LED ਸਟਰੀਟ ਲਾਈਟਾਂ ਨੂੰ ਬਦਲਣ ਦਾ ਕੰਮ ਸ਼ੁਰੂ, ਡਾਰਕ ਪੁਆਇੰਟ ਵੀ ਹੋਣਗੇ ਰੌਸ਼ਨ

ਜਲੰਧਰ (ਖੁਰਾਣਾ)–ਸਮਾਰਟ ਸਿਟੀ ਕੰਪਨੀ ਵੱਲੋਂ ਚਲਾਏ ਗਏ ਵਧੇਰੇ ਪ੍ਰਾਜੈਕਟ ਬੀਤੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਅਤੇ ਲਾਪ੍ਰਵਾਹੀ ਦੀ ਭੇਟ ਚੜ੍ਹ ਗਏ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਲਗਭਗ ਸਾਢੇ 3 ਸਾਲ ਪਹਿਲਾਂ ਸਮਾਰਟ ਸਿਟੀ ਜਲੰਧਰ ਵੱਲੋਂ ਕਰਵਾਏ ਗਏ ਸਾਰੇ ਪ੍ਰਾਜੈਕਟਾਂ ਦੀ ਜਾਂਚ ਦਾ ਕੰਮ ਸਟੇਟ ਵਿਜੀਲੈਂਸ ਨੂੰ ਸੌਂਪਿਆ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਦਫ਼ਤਰ ਤੋਂ ਹੁਕਮ ਆਉਣ ਦੇ ਬਾਵਜੂਦ ਵਿਜੀਲੈਂਸ ਨੇ ਸਮਾਰਟ ਸਿਟੀ ਦੇ ਕਿਸੇ ਵੀ ਪ੍ਰਾਜੈਕਟ ਦੀ ਜਾਂਚ ਨਹੀਂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਸਮਾਰਟ ਸਿਟੀ ਦੇ ਲਗਭਗ 60 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਕੀਤੇ ਗਏ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਵਿਚ ਸਭ ਤੋਂ ਜ਼ਿਆਦਾ ਗੜਬੜੀ ਹੋਈ। ਇਸ ’ਤੇ ਕੈਗ ਤਕ ਨੇ ਸਵਾਲ ਉਠਾਏ ਪਰ ਇਸ ਦੇ ਬਾਵਜੂਦ ਕਿਸੇ ਵੀ ਜਾਂਚ ਏਜੰਸੀ ਨੇ ਇਸ ਮਾਮਲੇ ਵਿਚ ਕੋਈ ਐਕਸ਼ਨ ਨਹੀਂ ਲਿਆ। ਇਥੋਂ ਤਕ ਕਿ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਨੇ ਵੀ ਸਮਾਰਟ ਸਿਟੀ ਦੇ ਕੰਮਾਂ ਵਿਚ ਹੋਈ ਗੜਬੜੀ ਦੀ ਜਾਂਚ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਮਾਂ ਨੇ ਪੁੱਤ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ, ਤੜਫ਼-ਤੜਫ਼ ਕੇ ਦੋਹਾਂ ਦੀ ਹੋਈ ਮੌਤ

ਜਲੰਧਰ ਵਿਚ ਚੱਲੇ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਦੀ ਗੱਲ ਕਰੀਏ ਤਾਂ 60 ਕਰੋੜ ਰੁਪਏ ਖ਼ਰਚ ਕਰਨ ਅਤੇ ਸ਼ਹਿਰ ਵਿਚ 72 ਹਜ਼ਾਰ ਤੋਂ ਵੱਧ ਨਵੀਆਂ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦੇ ਬਾਵਜੂਦ ਪਿਛਲੇ ਸਮੇਂ ਦੌਰਾਨ ਸ਼ਹਿਰ ਹਨ੍ਹੇਰੇ ਵਿਚ ਡੁੱਬਿਆ ਰਿਹਾ। ਨਗਰ ਨਿਗਮ ਅਤੇ ਲਾਈਟ ਜਗਾਉਣ ਵਾਲੀ ਸਬੰਧਤ ਕੰਪਨੀ ਵਿਚਕਾਰ ਲੰਮੇ ਸਮੇਂ ਤਕ ਵਿਵਾਦ ਚੱਲਿਆ, ਜਿਸ ਕਾਰਨ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਰਹੀਆਂ ਅਤੇ ਸ਼ਹਿਰ ਵਾਸੀਆਂ ਨੂੰ ਲੰਮੇ ਸਮੇਂ ਤਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਾਣੀ 'ਚ ਡੁੱਬਿਆ ਇਹ ਪੁਲ, ਖੜ੍ਹੀ ਹੋਈ ਵੱਡੀ ਮੁਸੀਬਤ

ਇਸ ਦੀ ਵੱਡੀ ਵਜ੍ਹਾ ਇਹ ਸੀ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸ਼ਹਿਰ ਵਿਚ ਐੱਲ. ਈ. ਡੀ. ਪ੍ਰਾਜੈਕਟ ਚਲਾਉਣ ਵਾਲੀ ਕੰਪਨੀ ਪੀ. ਸੀ. ਪੀ. ਵੱਲੋਂ ਜੋ ਲਾਈਟਾਂ ਲਾਈਆਂ ਗਈਆਂ ਸਨ, ਉਨ੍ਹਾਂ ਵਿਚੋਂ 3200 ਤੋਂ ਵਧੇਰੇ ਲਾਈਟਾਂ ਪਿਛਲੇ ਲੰਮੇ ਅਰਸੇ ਤੋਂ ਖਰਾਬ ਪਈਆਂ ਹਨ। ਇਨ੍ਹਾਂ ਨੂੰ ਨਾ ਤਾਂ ਨਵੀਂ ਕੰਪਨੀ ਐੱਚ. ਪੀ. ਐੱਲ. ਬਦਲ ਰਹੀ ਸੀ ਅਤੇ ਨਾ ਹੀ ਉਨ੍ਹਾਂ ਨੂੰ ਸਹੀ ਕੀਤਾ ਜਾ ਰਿਹਾ ਸੀ। ਨਗਰ ਨਿਗਮ ਕੋਲ ਵੀ ਸਟਰੀਟ ਲਾਈਟ ਵਿਭਾਗ ਵਿਚ ਲੋੜੀਂਦਾ ਸਟਾਫ ਨਹੀਂ ਸੀ, ਜੋ ਇਨ੍ਹਾਂ ਲਾਈਟਾਂ ਦੀ ਮੁਰੰਮਤ ਕਰ ਸਕੇ।

ਅਜਿਹੀ ਸਥਿਤੀ ਵਿਚ ਪੀ. ਸੀ. ਪੀ. ਕੰਪਨੀ ਵੱਲੋਂ ਲਾਈਆਂ ਗਈਆਂ ਲਾਈਟਾਂ ਲੰਮੇ ਸਮੇਂ ਤੋਂ ਫਿਊਜ਼ ਪਈਆਂ ਸਨ। ਹੁਣ ਮੇਅਰ ਵਨੀਤ ਧੀਰ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ 6000 ਨਵੀਆਂ ਲਾਈਟਾਂ ਦੀ ਖਰੀਦ ਦਾ ਇਕ ਟੈਂਡਰ ਪਾਸ ਕੀਤਾ, ਜਿਸ ’ਤੇ ਹੁਣ ਕੰਮ ਸ਼ੁਰੂ ਹੋ ਗਿਆ ਹੈ। ਇਸ ਟੈਂਡਰ ਤਹਿਤ ਪੀ. ਸੀ. ਪੀ. ਕੰਪਨੀ ਵੱਲੋਂ ਲਾਈਆਂ ਗਈਆਂ 3200 ਲਾਈਟਾਂ ਨੂੰ ਬਦਲਿਆ ਜਾ ਰਿਹਾ ਹੈ, ਨਾਲ ਹੀ ਨਾਲ ਸ਼ਹਿਰ ਦੇ ਡਾਰਕ ਪੁਆਇੰਟਸ ਨੂੰ ਵੀ ਦੂਰ ਕਰਨ ’ਤੇ ਫੋਕਸ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਨਗਰ ਨਿਗਮ ਨੇ ਇਨ੍ਹਾਂ ਡਾਰਕ ਪੁਆਇੰਟਸ ਨੂੰ ਦੂਰ ਕਰਨ ਦੇ ਨਾਂ ’ਤੇ ਲੱਖਾਂ ਰੁਪਏ ਦੀਆਂ ਡੈਕੋਰੇਟਿਵ ਸਪਾਈਰਲ ਲਾਈਟਾਂ ਲੁਆ ਲਈਆਂ ਸਨ, ਜੋ ਹੁਣ ਇਕ ਵੱਡਾ ਸਕੈਂਡਲ ਸਾਬਿਤ ਹੋਇਆ। ਇਨ੍ਹਾਂ ਲਾਈਟਾਂ ਵਿਚੋਂ ਵਧੇਰੇ ਗਾਇਬ ਹੋ ਚੁੱਕੀਆਂ ਹਨ। ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ 6000 ਨਵੀਆਂ ਲਾਈਟਾਂ ਦੇ ਲੱਗਣ ਤੋਂ ਬਾਅਦ ਕੀ ਸ਼ਹਿਰ ਦੀਆਂ ਸੜਕਾਂ ਰੌਸ਼ਨ ਹੁੰਦੀਆਂ ਹਨ ਜਾਂ ਪੁਰਾਣੀ ਕਹਾਣੀ ਇਕ ਵਾਰ ਫਿਰ ਤੋਂ ਦੁਹਰਾਈ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਦਰਦਨਾਕ ਹਾਦਸਾ! ਥਾਰ 'ਚ ਸਵਾਰ ਦੋ ਜਿਗਰੀ ਦੋਸਤਾਂ ਦੀ ਇਕੱਠਿਆਂ ਹੋਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News