200 ਮਹਿਮਾਨਾਂ ਦੀ ਸੂਚੀ ''ਤੇ PMO ਦੀ ਮੋਹਰ, ਸਾਧੂ-ਸੰਤ ਅਤੇ ਉਦਯੋਗਪਤੀ ਵੀ ਪਹੁੰਚਣਗੇ
Wednesday, Jul 29, 2020 - 12:43 PM (IST)
ਨਵੀਂ ਦਿੱਲੀ- ਅਯੁੱਧਿਆ 'ਚ ਭੂਮੀ ਪੂਜਨ 'ਚ ਸ਼ਾਮਲ ਹੋਣ ਵਾਲੇ 200 ਮਹਿਮਾਨਾਂ ਦੀ ਸੂਚੀ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਹਰੀ ਝੰਡੀ ਮਿਲ ਗਈ ਹੈ। 5 ਅਗਸਤ ਨੂੰ ਹੋਣ ਵਾਲੇ ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸਰਸੰਘਚਾਲਕ ਮੋਹਨ ਭਾਗਵਤ ਦੇ ਨਾਲ 50 ਸਾਧੂ ਸੰਤ ਸ਼ਾਮਲ ਹੋਣਗੇ। ਪ੍ਰੋਗਰਾਮ 'ਚ ਉਦਯੋਗਪਤੀ ਰਤਨ ਟਾਟਾ, ਮੁਕੇਸ਼ ਅੰਬਾਨੀ, ਗੌਤਮ ਅਡਵਾਨੀ ਵੀ ਸ਼ਾਮਲ ਹਨ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਯੁੱਧਿਆ ਯਾਤਰਾ ਦਾ ਪ੍ਰੋਗਰਾਮ ਵੀ ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ।
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਮਹਿਮਾਨਾਂ ਦੀ ਸੂਚੀ ਨੂੰ ਚਾਰ ਵੱਖ-ਵੱਖ ਸ਼੍ਰੇਣੀਆਂ 'ਚ ਵੰਡਿਆ ਹੈ। ਇਨ੍ਹਾਂ 'ਚ ਦੇਸ਼ ਦੇ 50 ਵੱਡੇ ਸਾਧੂ ਸੰਤ, 50 ਨੇਤਾ ਅਤੇ ਰਾਮ ਮੰਦਰ ਅੰਦੋਲਨ ਨਾਲ ਜੁੜੇ ਲੋਕ ਹੋਣਗੇ। ਇਨ੍ਹਾਂ 'ਚ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਕਲਿਆਣ ਮੰਤਰੀ ਨਾਲ ਸਾਧਵੀ ਤ੍ਰਿਤੰਭਰਾ ਅਤੇ ਵਿਨੇ ਕਟਿਆਰ ਸ਼ਾਮਲ ਹੋਣਗੇ। ਕੁਝ ਸੂਬਿਆਂ ਦੇ ਮੁੱਖ ਮੰਤਰੀ ਵੀ ਭੂਮੀ ਪੂਜਨ ਪ੍ਰੋਗਰਾਮ 'ਚ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਦੇਸ਼ ਦੇ 50 ਉਦਯੋਗਪਤੀਆਂ ਅਤੇ ਅਧਿਕਾਰੀਆਂ ਨੂੰ ਵੀ ਪ੍ਰੋਗਰਾਮ 'ਚ ਹਿੱਸਾ ਲੈਣ ਦਾ ਸੱਦਾ ਭੇਜਿਆ ਜਾਵੇਗਾ।