ਅਯੁੱਧਿਆ ਕੇਸ : SC ਨੇ ਪੁੱਛਿਆ, ਕੀ ਹੋ ਸਕਦਾ ਹੈ ਸੁਣਵਾਈ ਦਾ ਸਿੱਧਾ ਪ੍ਰਸਾਰਨ

09/16/2019 1:00:51 PM

ਨਵੀਂ ਦਿੱਲੀ— ਰਾਮ ਮੰਦਰ ਮਾਮਲੇ ਦੀ ਸੁਣਵਾਈ ਦੇ ਸਿੱਧੇ ਪ੍ਰਸਾਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਅਯੁੱਧਿਆ ਕੇਸ ਦੀ ਰੋਜ਼ਾਨਾ ਸੁਣਵਾਈ ਦੇ 24ਵੇਂ ਦਿਨ ਰਜਿਸਟਰੀ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਆਖਰ ਸਿੱਧੇ ਪ੍ਰਸਾਰਨ ਦੀ ਵਿਵਸਥਾ ਬਣਾਉਣ 'ਚ ਕਿੰਨੇ ਦਿਨਾਂ ਦਾ ਸਮਾਂ ਲੱਗੇਗਾ। ਆਰ.ਐੱਸ.ਐੱਸ. ਦੇ ਸਾਬਕਾ ਵਿਚਾਰਕ ਕੇ.ਐੱਨ. ਗੋਵਿੰਦਾਚਾਰੀਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਇਹ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਇਸ ਮੰਗ ਦਾ ਮੁਸਲਿਮ ਪੱਖ ਸੁੰਨੀ ਵਕਫ਼ ਬੋਰਡ ਨੇ ਵਿਰੋਧ ਕੀਤਾ ਹੈ।

ਇਸ ਦੌਰਾਨ 23 ਦਿਨ ਦੀ ਸੁਣਵਾਈ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਵਿਚੋਲਗੀ ਦੀ ਪਹਿਲ ਸ਼ੁਰੂ ਕਰਨ ਦੀ ਕੋਸ਼ਿਸ਼ ਹੈ। ਹਿੰਦੂ ਅਤੇ ਮੁਸਲਿਮ ਦੋਹਾਂ ਪੱਖਾਂ ਵਲੋਂ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਉਹ ਕੋਰਟ ਦੇ ਬਾਹਰ ਗੱਲਬਾਤ ਰਾਹੀਂ ਮੁੱਦੇ ਨੂੰ ਸੁਲਝਾਉਣਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਵਿਚੋਲਗੀ ਦੀ ਪਹਿਲ ਵੀ ਕੀਤੀ ਸੀ ਪਰ 155 ਦਿਨਾਂ ਦੀ ਕੋਸ਼ਿਸ਼ ਅਸਫ਼ਲ ਰਹੀ ਅਤੇ ਹੁਣ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਚੱਲ ਰਹੀ ਹੈ।

ਸੁਪਰੀਮ ਕੋਰਟ 'ਚ ਹੁਣ ਤੱਕ ਹਿੰਦੂ ਪੱਖ ਦੀਆਂ ਦਲੀਲਾਂ ਪੂਰੀ ਹੋ ਚੁਕੀਆਂ ਹਨ ਅਤੇ ਮੁਸਲਿਮ ਪੱਖ ਆਪਣੀਆਂ ਗੱਲਾਂ ਰੱਖ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ 5 ਜੱਜਾਂ ਦੀ ਸੰਵਿਧਾਨ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਸੁੰਨੀ ਵਕਫ਼ ਬੋਰਡ ਅਤੇ ਨਿਵਾਰਡੀ ਅਖਾੜੇ ਨੇ ਗੱਲਬਾਤ ਰਾਹੀਂ ਮਾਮਲੇ ਦਾ ਹੱਲ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।


DIsha

Content Editor

Related News