ਅਯੁੱਧਿਆ ਨੇ ਮੁੜ ਰਚਿਆ ਇਤਿਹਾਸ ; ਇੱਕੋ ਸਮੇਂ ਤੋੜੇ 2 ਰਿਕਾਰਡ , 56 ਘਾਟਾਂ ’ਤੇ 26 ਲੱਖ ਦੀਵੇ ਬਲੇ
Monday, Oct 20, 2025 - 12:57 AM (IST)

ਅਯੁੱਧਿਆ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਅਯੁੱਧਿਆ ’ਚ ਨੌਵੇਂ ਵਿਸ਼ਾਲ ਦੀਪਉਤਸਵ ਦਾ ਉਦਘਾਟਨ ਭਗਵਾਨ ਰਾਮ ਅਤੇ ਮਾਤਾ ਸੀਤਾ ਦੀਆਂ ਪ੍ਰਤੀਕਾਤਮਕ ਤਸਵੀਰਾਂ ਦੀ ‘ਤਾਜਪੋਸ਼ੀ’ ਕਰ ਕੇ ਕੀਤਾ। ਇਸ ਦੌਰਾਨ ਅਯੁੱਧਿਆ ਨੇ ਇੱਕੋ ਸਮੇਂ 2 ਰਿਕਾਰਡ ਤੋੜਦੇ ਹੋਏ ਇਕ ਵਾਰ ਫਿਰ ਇਤਿਹਾਸ ਰਚਿਆ।
ਵਿਸ਼ਵ ਦੀਪਉਤਸਵ ਜਸ਼ਨ ਦੌਰਾਨ 56 ਘਾਟਾਂ ’ਤੇ ਇੱਕੋ ਸਮੇਂ 2,617,215 ਦੀਵੇ ਜਗਾਏ ਗਏ। 2,128 ਲੋਕਾਂ ਨੇ ਇਕੱਠੇ ਹੋ ਕੇ ‘ਸਰਯੂ ਆਰਤੀ’ ਕੀਤੀ, ਜਦੋਂ ਕਿ ਸੂਬੇ ’ਚ ਕੁੱਲ 51 ਲੱਖ ਦੀਵੇ ਜਗਾਏ ਗਏ। ਮੁਖ ਮੰਤਰੀ ਨੇ ਕਿਹਾ ਕਿ ਇਹ ਦੀਪਉਤਸਵ 500 ਸਾਲਾਂ ਦੇ ਹਨੇਰੇ ’ਤੇ ਭਰੋਸੇ ਦੀ ਜਿੱਤ ਦਾ ਪ੍ਰਤੀਕ ਹੈ। ਉਨ੍ਹਾਂ ਰਾਮ ਜਨਮ ਭੂਮੀ ਅੰਦੋਲਨ ਦੌਰਾਨ ਵਿਰੋਧੀ ਪਾਰਟੀਆਂ ਦੇ ਰੁਖ਼ 'ਤੇ ਵੀ ਟਿੱਪਣੀ ਕੀਤੀ ਤੇ ਅਯੁੱਧਿਆ ’ਚ ਆਈ ਤਬਦੀਲੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਜਿੱਥੇ ਕਦੇ ਗੋਲੀਆਂ ਚਲਾਈਆਂ ਜਾਂਦੀਆਂ ਸਨ, ਉੱਥੇ ਹੁਣ ਦੀਵੇ ਜਗਾਏ ਜਾ ਰਹੇ ਹਨ।
ਦੀਪਉਤਸਵ ਸਮਾਰੋਹ ਦੌਰਾਨ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਭਰਾ ਲਕਸ਼ਮਣ ਤੇ ਹਨੂੰਮਾਨ ਜੀ ਦੇ ਰੂਪ ’ਚ ਸਜੇ ਕਲਾਕਾਰ ਪੁਸ਼ਪਕ ਵਿਮਾਨ ਵਰਗੇ ਹੈਲੀਕਾਪਟਰ ’ਚ ਸਰਯੂ ਨਦੀ ਦੇ ਕੰਢੇ ਰਾਮਕਥਾ ਪਾਰਕ ਦੇ ਹੈਲੀਪੈਡ ’ਤੇ ਉਤਰੇ। ਮੁੱਖ ਮੰਤਰੀ ਨੇ ਖੁਦ ਰੱਥ ਨੂੰ ਖਿੱਚਿਆ ਤੇ ਸ਼੍ਰੀ ਰਾਮ ਨੂੰ ਰਾਜਗੱਦੀ ’ਤੇ ਬਿਠਾਇਆ। ਇਸ ਸਮਾਰੋਹ ’ਚ ਸੰਤਾਂ, ਮਹੰਤਾਂ, ਧਾਰਮਿਕ ਆਗੂਆਂ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੁਖੀ ਮਨੀ ਰਾਮ ਦਾਸ ਤੇ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਜੈਵੀਰ ਸਿੰਘ ਸਮੇਤ ਕਈ ਵਿਅਕਤੀ ਮੌਜੂਦ ਸਨ।
ਪਹਿਲਾ ਗਿਨੀਜ਼ ਪੁਰਸਕਾਰ ਉੱਤਰ ਪ੍ਰਦੇਸ਼ ਸਰਕਾਰ ਦੇ ਸੈਰ-ਸਪਾਟਾ ਵਿਭਾਗ, ਅਯੁੱਧਿਆ ਜ਼ਿਲਾ ਪ੍ਰਸ਼ਾਸਨ ਤੇ ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਨੂੰ ਸਭ ਤੋਂ ਵੱਧ ਤੇਲ ਦੇ ਦੀਵੇ ਜਗਾਉਣ ਲਈ ਦਿੱਤਾ ਗਿਆ। ਦੂਜਾ ਪੁਰਸਕਾਰ ਸਭ ਤੋਂ ਵੱਧ ਲੋਕਾਂ (2128) ਨੂੰ ਇੱਕੋ ਸਮੇਂ ਆਰਤੀ ਕਰਨ ਲਈ ਦਿੱਤਾ ਗਿਆ। ਇਹ ਪੁਰਸਕਾਰ ਸੈਰ-ਸਪਾਟਾ ਵਿਭਾਗ, ਅਯੁੱਧਿਆ ਜ਼ਿਲਾ ਪ੍ਰਸ਼ਾਸਨ, ਅਯੁੱਧਿਆ ਤੇ ਸਰਯੂ ਆਰਤੀ ਕਮੇਟੀ, ਅਯੁੱਧਿਆ ਵੱਲੋਂ ਹਾਸਲ ਕੀਤਾ ਗਿਆ।