ਔਰੰਗਜੇਬ ਤੇ ਬਾਬਰ ਦਾ ਨਾਂ ਸੜਕਾਂ ਤੇ ਕਿਤਾਬਾਂ ਤੋਂ ਹਟਾਇਆ ਜਾਵੇ : ਸਿਰਸਾ

12/04/2019 8:43:26 PM

ਨਵੀਂ ਦਿੱਲੀ (ਲਾਭ ਸਿੰਘ ਸਿੱਧੂ) — ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੀਆਂ ਗਲੀਆਂ ਅਤੇ ਸੜਕਾਂ ਤੋਂ ਬਾਬਰ ਅਤੇ ਔਰੰਗਜ਼ੇਬ ਦਾ ਨਾਂ ਹਟਾਉਣ ਦੇ ਹੁਕਮ ਜਾਰੀ ਕੀਤੇ ਜਾਣ।

ਅਮਿਤ ਸ਼ਾਹ ਨੂੰ ਲਿਖੇ ਇਕ ਪੱਤਰ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੀਆਂ ਸੜਕਾਂ ਤੋਂ ਬਾਬਰ ਅਤੇ ਔਰੰਗਜ਼ੇਬ ਦਾ ਨਾਂ ਹਟਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਦੋਵੇਂ ਤਾਨਾਸ਼ਾਹ ਤੇ ਜੱਲਾਦ ਸ਼ਾਸਕ ਸਨ। ਉਨ੍ਹਾਂ ਕਿਹਾ ਕਿ ਬਾਬਰ ਨੇ ਜਿਥੇ ਵੀ ਹਮਲਾ ਕੀਤਾ, ਉਥੇ ਲੋਕਾਂ ਦੀ ਹਰ ਤਰੀਕੇ ਲੁੱਟ-ਖਸੁੱਟ ਕੀਤੀ। ਔਰਤਾਂ ਨਾਲ ਜਬਰ-ਜ਼ਨਾਹ ਕੀਤੇ ਗਏ, ਪੁਰਸ਼ ਵੱਢ ਦਿੱਤੇ ਗਏ ਤੇ ਉਨ੍ਹਾਂ ਖਿਲਾਫ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮੁਗਲ ਤਾਨਾਸ਼ਾਹ ਔਰੰਗਜ਼ੇਬ ਦਾ ਵੀ ਇਹੋ ਜਿਹਾ ਸੁਭਾਅ ਸੀ, ਜਿਸ ਨੇ ਜਬਰੀ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਤੇ ਲੱਖਾਂ ਹਿੰਦੂ ਮਾਰ ਦਿੱਤੇ। ਉਨ੍ਹਾਂ ਦੱਸਿਆ ਕਿ ਔਰੰਗਜ਼ੇਬ ਨੇ ਹੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 1675 ਵਿਚ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਕਿਉਂਕਿ ਉਨ੍ਹਾਂ ਨੇ ਇਸਲਾਮ ਧਾਰਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਆਮ ਰਾਇ ਹੈ ਕਿ ਅਜਿਹੇ ਨਿਰਦਈ, ਅਣਮਨੁੱਖੀ ਤੇ ਤਾਨਾਸ਼ਾਹ ਬਿਰਤੀ ਦੇ ਲੋਕਾਂ ਜਿਨ੍ਹਾਂ ਨੇ ਮਹਾਨ ਗੁਰੂ ਸਾਹਿਬਾਨ ਦਾ ਨੁਕਸਾਨ ਕੀਤਾ, ਦੇ ਨਾਂ ’ਤੇ ਸੜਕਾਂ ਦੇ ਨਾਂ ਕਿਉਂ ਰੱਖੇ ਜਾਣ। ਉਨ੍ਹਾਂ ਕਿਹਾ ਕਿ ਇਹ ਨਾਂ ਤਾਂ ਦੀਵਾਨ ਟੋਡਰ ਮੱਲ, ਮੋਤੀ ਰਾਮ ਮਿਹਰਾ ਅਤੇ ਸ਼ੇਰ ਮੁਹੰਮਦ ਖਾਨ ਵਰਗੇ ਮਹਾਨ ਲੋਕਾਂ ਦੇ ਨਾਂ 'ਤੇ ਰੱਖੇ ਜਾਣੇ ਚਾਹੀਦੇ ਹਨ।

ਸਿਰਸਾ ਨੇ ਸ਼ਾਹ ਨੂੰ ਅਪੀਲ ਕੀਤੀ ਕਿ ਸਾਨੂੰ ਦੇਸ਼ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਤੇ ਐੱਨ. ਡੀ. ਐੱਮ. ਸੀ. ਨੂੰ ਇਹ ਹਦਾਇਤ ਕਰਨੀ ਚਾਹੀਦੀ ਹੈ ਕਿ ਦਿੱਲੀ ਦੀਆਂ ਗਲੀਆਂ ਤੇ ਸੜਕਾਂ ਤੋਂ ਬਾਬਰ ਤੇ ਔਰੰਗਜ਼ੇਬ ਦਾ ਨਾਂ ਹਮੇਸ਼ਾ ਲਈ ਮਿਟਾ ਦਿੱਤੇ ਜਾਣ, ਜਿਸ ਨਾਲ ਸੰਗਤ ਉਨ੍ਹਾਂ ਦੀ ਧੰਨਵਾਦੀ ਹੋਵੇਗੀ।


Inder Prajapati

Content Editor

Related News