ATS ਨੇ ਜੈਸ਼-ਏ-ਮੁਹੰਮਦ ਨਾਲ ਜੁੜਿਆ ਅੱਤਵਾਦੀ ਸਹਾਰਨਪੁਰ ਤੋਂ ਗ੍ਰਿਫ਼ਤਾਰ
Saturday, Aug 13, 2022 - 10:28 AM (IST)
ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਰੋਕੂ ਦਸਤੇ (ਏ. ਟੀ.ਐਸ.) ਨੇ ਸ਼ੁੱਕਰਵਾਰ ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਨਾਲ ਜੁੜੇ ਇਕ ਕਥਿਤ ਅੱਤਵਾਦੀ ਨੂੰ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ। ਉੱਤਰ ਪ੍ਰਦੇਸ਼ ਦੇ ਵਧੀਕ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਇਕ ਬਿਆਨ ਵਿਚ ਕਿਹਾ ਕਿ ਸਹਾਰਨਪੁਰ ਜ਼ਿਲ੍ਹੇ ਦੇ ਗੰਗੋਹ ਥਾਣਾ ਖੇਤਰ ਦੇ ਕੁੰਡਾ ਕਲਾ ਪਿੰਡ ਦੇ ਮੁਹੰਮਦ ਨਦੀਮ (25) ਨੂੰ ਏ.ਟੀ.ਐੱਸ. ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਿਆਨ ਵਿਚ ਦਾਅਵਾ ਕੀਤਾ ਗਿਆ ਕਿ ਨਦੀਮ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਨੂੰ ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਦੇ ਇਕ ਅੱਤਵਾਦੀ ਨੇ ਨੂਪੁਰ ਸ਼ਰਮਾ ਨੂੰ ਮਾਰਨ ਦਾ ਕੰਮ ਸੌਂਪਿਆ ਸੀ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਪੁਲਸ ਨੇ 2,200 ਤੋਂ ਵੱਧ ਕਾਰਤੂਸ ਕੀਤੇ ਬਰਾਮਦ, 6 ਗ੍ਰਿਫ਼ਤਾਰ
ਪੁਲਸ ਨੇ ਨਦੀਮ ਕੋਲੋਂ ਇਕ ਮੋਬਾਈਲ, 2 ਸਿਮ ਅਤੇ ਵੱਖ-ਵੱਖ ਤਰ੍ਹਾਂ ਦੇ ਬੰਬ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਹੈ। ਕੁਮਾਰ ਨੇ ਦੱਸਿਆ ਕਿ ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਤੋਂ ਪ੍ਰਭਾਵਿਤ ਨਦੀਮ ਨਦੀਮ ਹਮਲੇ ਦੀ ਤਿਆਰੀ ਕਰ ਰਿਹਾ ਸੀ। ਉਸ ਕੋਲੋਂ ਬਰਾਮਦ ਕੀਤੇ ਗਏ ਮੋਬਾਈਲ ਫੋਨ ਦੀ ਮੁੱਢਲੀ ਜਾਂਚ ਦੌਰਾਨ ਪੁਲਸ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਅੱਤਵਾਦੀਆਂ ਦੇ ਚੈਟ ਅਤੇ ਵਾਇਸ ਸੁਨੇਹੇ ਵੀ ਮਿਲੇ ਹਨ। ਪੁੱਛਗਿੱਛ ਦੌਰਾਨ ਨਦੀਮ ਨੇ ਮੰਨਿਆ ਕਿ ਉਹ 2018 ਤੋਂ ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਦੇ ਅੱਤਵਾਦੀਆਂ ਨਾਲ ਸਿੱਧੇ ਸੰਪਰਕ ’ਚ ਸੀ। ਉਸ ਨੇ ਇਹ ਵੀ ਮੰਨਿਆ ਕਿ ਉਸ ਨੂੰ ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਦੇ ਅੱਤਵਾਦੀਆਂ ਵੱਲੋਂ ਵਿਸ਼ੇਸ਼ ਸਿਖਲਾਈ ਲਈ ਪਾਕਿਸਤਾਨ ਬੁਲਾਇਆ ਜਾ ਰਿਹਾ ਸੀ। ਉਹ ਪਾਕਿਸਤਾਨ ਦੇ ਨਾਲ ਹੀ ਸੀਰੀਆ ਜਾਣ ਦੀ ਯੋਜਨਾ ਬਣਾ ਰਿਹਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ