ਆਤਿਸ਼ੀ ਨੂੰ ਅਜੇ ਤਕ ਨਹੀਂ ਮਿਲਿਆ ਮੁੱਖ ਮੰਤਰੀ ਵਾਲਾ ਬੰਗਲਾ
Friday, Oct 18, 2024 - 05:48 PM (IST)
ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ 6, ਫਲੈਗ ਸਟਾਫ ਰੋਡ 'ਤੇ ਸਥਿਤ ਬੰਗਲੇ ਦੀ ਅਲਾਟਮੈਂਟ ਬਾਰੇ ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.) ਤੋਂ ਇਕ ਚਿੱਠੀ ਮਿਲੀ ਹੈ ਪਰ ਅਜੇ ਤਕ ਬੰਗਲੇ ਦਾ ਕਬਜ਼ਾ ਨਹੀਂ ਮਿਲਿਆ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵਲੋਂ ਦਿੱਤੀ ਗਈ। ਆਤਿਸ਼ੀ ਅਜੇ ਵੀ ਏ. ਬੀ.-17, ਮਥੁਰਾ ਰੋਡ ਰਿਹਾਇਸ਼ ’ਚ ਰਹਿ ਰਹੀ ਹੈ, ਜੋ ਉਨ੍ਹਾਂ ਨੂੰ ਪਿਛਲੇ ਸਾਲ ਉਸ ਵੇਲੇ ਅਲਾਟ ਕੀਤਾ ਗਿਆ ਸੀ ਜਦੋਂ ਦਿੱਲੀ ਸਰਕਾਰ ’ਚ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਖਾਲੀ ਕਰਨ ਮਗਰੋਂ ਇਸ ਬੰਗਲੇ ਨੂੰ ਸੌਂਪਣ ਦੀ ਪ੍ਰਕਿਰਿਆ ਨੂੰ ਲੈ ਕੇ ਜਾਰੀ ਵਿਵਾਦ ਵਿਚਾਲੇ ਲੋਕ ਨਿਰਮਾਣ ਵਿਭਾਗ ਵਲੋਂ ਇਹ ਬੰਗਲਾ 11 ਅਕਤੂਬਰ ਨੂੰ ਆਤਿਸ਼ੀ ਨੂੰ ਰਸਮੀ ਰੂਪ ਨਾਲ ਅਲਾਟ ਕੀਤਾ ਗਿਆ। 9 ਸਾਲਾਂ ਤੱਕ ਇਸ ਬੰਗਲੇ ਵਿਚ ਰਹੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਅਹੁਦਾ ਛੱਡਣ ਮਗਰੋਂ ਹੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਬੰਗਲਾ ਖਾਲੀ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਬੰਗਲਾ ਦੀ ਅਲਾਟਮੈਂਟ ਸਵੀਕਾਰ ਕਰ ਲਈ ਹੈ। ਆਤਿਸ਼ੀ 7 ਅਕਤੂਬਰ ਨੂੰ ਬੰਗਲੇ ਵਿਚ ਰਹਿਣ ਚੱਲੀ ਗਈ ਪਰ ਦੋ ਦਿਨ ਬਾਅਦ ਹੀ ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਕਿਉਂਕਿ ਇਸ ਵਿਚ ਮੌਜੂਦ ਵਸਤੂਆਂ ਦੀ ਸੂਚੀ ਤਿਆਰ ਕਰਨ ਸਮੇਤ ਹੋਰ ਰਸਮੀ ਕਾਰਵਾਈਆਂ ਪੂਰੀਆਂ ਨਹੀਂ ਕੀਤੀਆਂ ਗਈਆਂ ਸਨ।