ਕਲਾਕਾਰਾਂ ਤੇ ਕਿਸਾਨ ਲੀਡਰਾਂ ''ਤੇ ਚੰਡੀਗੜ੍ਹ ਪੁਲਸ ਨੇ ਇਨ੍ਹਾਂ ਦੇ ਇਸ਼ਾਰੇ ''ਤੇ ਦਰਜ ਕੀਤੇ ਕੇਸ
Tuesday, Jun 29, 2021 - 10:20 AM (IST)
ਚੰਡੀਗੜ੍ਹ (ਬਿਊਰੋ) : ਪਿਛਲੇ 2 ਦਿਨ ਪਹਿਲਾਂ ਕਿਸਾਨ ਲੀਡਰਾਂ ਅਤੇ ਪੰਜਾਬੀ ਕਲਾਕਾਰਾਂ ਵਿਰੁੱਧ ਮਾਮਲਾ ਦਰਜ ਕਰਕੇ ਚੰਡੀਗੜ੍ਹ ਪੁਲਸ ਕਸੂਤੀ ਘਿਰ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਦੋਸ਼ ਲਗਾਇਆ ਹੈ ਕਿ ਚੰਡੀਗੜ੍ਹ ਪੁਲਸ ਨੇ ਇਹ ਕਾਰਵਾਈ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਅੰਦੋਲਨਕਾਰੀ ਨੇ ਕਾਨੂੰਨ ਹੱਥ 'ਚ ਨਹੀਂ ਲਿਆ। 26 ਜੂਨ ਨੂੰ ਸਾਰਿਆਂ ਨੇ ਸ਼ਾਂਤਮਈ ਢੰਗ ਨਾਲ ਚੰਡੀਗੜ੍ਹ 'ਚ ਮਾਰਚ ਕੀਤਾ।
ਇਹ ਖ਼ਬਰ ਵੀ ਪੜ੍ਹੋ : ਜੱਸ ਬਾਜਵਾ ਤੇ ਸੋਨੀਆ ਮਾਨ ਖ਼ਿਲਾਫ਼ ਕੇਸ ਦਰਜ ਕਰ ਕਸੂਤੀ ਘਿਰੀ ਚੰਡੀਗੜ੍ਹ ਪੁਲਸ
ਪੁਲਸ ਨੇ ਕੀਤਾ ਲਾਠੀਚਾਰਜ ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ
ਸ਼ਾਂਤਮਈ ਮਾਰਚ ਕਰ ਰਹੇ ਲੋਕਾਂ 'ਤੇ ਪੁਲਸ ਨੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਮਗਰੋਂ ਉਲਟਾ ਕਿਸਾਨ ਲੀਡਰਾਂ ਖ਼ਿਲਾਫ ਹੀ ਕੇਸ ਦਰਜ ਕਰ ਲਏ ਗਏ। ਇਸ ਦਾ ਵਿਰੋਧ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਯੂਟੀ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਸੰਯੁਕਤ ਮੋਰਚੇ ਦੇ ਕਾਨੂੰਨੀ ਸੈੱਲ ਦੇ ਮੈਂਬਰਾਂ ਪ੍ਰੇਮ ਸਿੰਘ ਭੰਗੂ (ਕਨਵੀਨਰ), ਜੰਗਵੀਰ ਸਿੰਘ ਚੌਹਾਨ, ਮੁਕੇਸ਼ ਚੰਦਰ, ਕੁਲਦੀਪ ਸਿੰਘ ਵਜੀਦਪੁਰ, ਵਿਪਨ ਕੁਮਾਰ ਐਡਵੋਕੇਟ ਤੇ ਨਛੱਤਰ ਸਿੰਘ ਬੈਦਵਾਨ ਨੇ ਯੂਟੀ ਪੁਲਸ ਦੀ ਕਾਰਵਾਈ ਨੂੰ ਗੈਰ-ਸੰਵਿਧਾਨਕ ਤੇ ਗੈਰਕਾਨੂੰਨੀ ਕਰਾਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਕ੍ਰੀਏਟਿਵ ਪੋਸਟ ਰਾਹੀਂ ਦੱਸਿਆ ਆਪਣੀ ਆਉਣ ਵਾਲੀ ਐਲਬਮ ਦਾ ਨਾਂ
ਨੌਜਵਾਨਾਂ ਨੇ ਜ਼ਾਬਤੇ 'ਚ ਰਹਿ ਕੇ ਸ਼ਾਂਤੀਮਈ ਸੰਘਰਸ਼ ਕੀਤਾ ਮਾਰਚ
ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ, ਕਲਾਕਾਰਾਂ, ਸਮਾਜ ਸੇਵੀ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੰਡੀਗੜ੍ਹ 'ਚ ਮਾਰਚ ਕਰਨ ਵਾਲੇ ਨੌਜਵਾਨਾਂ ਨੇ ਜ਼ਾਬਤੇ 'ਚ ਰਹਿ ਕੇ ਸ਼ਾਂਤੀਮਈ ਸੰਘਰਸ਼ 'ਚ ਸ਼ਮੂਲੀਅਤ ਕੀਤੀ ਸੀ। ਇਸ ਲਈ ਚੰਡੀਗੜ੍ਹ ਪੁਲਸ ਦੀ ਕਾਰਵਾਈ ਪੂਰੀ ਤਰ੍ਹਾਂ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਵਾਲੀਆਂ ਸ਼ਕਤੀਆਂ ਦੇ ਦਿਮਾਗ ਦੀ ਕਾਢ ਜਾਪਦੀ ਹੈ।
ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਤੇ ਫ਼ਿਲਮ ਨਾਲ ਜੁੜੀਆਂ 6 ਲੜਕੀਆਂ ਸਣੇ 22 ਲੋਕ ਗ੍ਰਿਫ਼ਤਾਰ
ਕਾਨੂੰਨੀ ਤੇ ਸੰਵਿਧਾਨਕ ਮਿਆਰਾਂ ਦੀਆਂ ਉਡਾਈਆਂ ਧੱਜੀਆਂ
ਲੀਡਰਾਂ ਨੇ ਕਿਹਾ ਕਿ ਸ਼ਾਂਤਮਈ ਰੋਸ ਅਤੇ ਪ੍ਰਦਰਸ਼ਨ ਕਰਨਾ ਲੋਕਾਂ ਦਾ ਜਮਹੂਰੀ ਸੰਵਿਧਾਨਕ ਹੱਕ ਹੈ, ਜਿਸ 'ਤੇ ਹਾਲ ਹੀ 'ਚ ਸੁਪਰੀਮ ਕੋਰਟ ਅਤੇ ਦਿੱਲੀ ਹਾਈ ਕੋਰਟ ਨੇ ਮੋਹਰ ਲਾਈ ਹੈ। ਮੋਰਚੇ ਦੇ ਲੀਗਲ ਸੈੱਲ ਦੇ ਮੈਂਬਰਾਂ ਨੇ ਕਿਹਾ ਕਿ ਪੁਲਸ ਨੇ ਕੇਸ ਦਰਜ ਕਰਕੇ ਸਾਰੇ ਕਾਨੂੰਨੀ ਤੇ ਸੰਵਿਧਾਨਕ ਮਿਆਰਾਂ ਦੀਆਂ ਧੱਜੀਆਂ ਉਡਾਈਆਂ ਹਨ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸਾਮਰਾਜੀ ਕਾਰਪੋਰੇਟਾਂ ਪ੍ਰਤੀ ਆਪਣੀ ਗੂੜ੍ਹੀ ਵਫਾਦਾਰੀ ਸਾਬਤ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।