5 ਰਾਜਾਂ ''ਚ ਇਕੋ ਸਮੇਂ ਚੋਣਾਂ ਦੀ ਤਿਆਰੀ, ਦਿੱਲੀ ਤੇ ਜੰਮੂ-ਕਸ਼ਮੀਰ ''ਚ ਇਸੇ ਸਾਲ ਹੋਣਗੀਆਂ ਚੋਣਾਂ!

06/14/2019 10:19:43 AM

ਜਲੰਧਰ/ਨਵੀਂ ਦਿੱਲੀ (ਨਰੇਸ਼)— ਲੋਕ ਸਭਾ ਤੋਂ ਬਾਅਦ ਦੇਸ਼ ਦੇ 5 ਸੂਬਿਆਂ ਵਿਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾਵਾਂ ਦਾ ਕਾਰਜਕਾਲ ਇਸੇ ਸਾਲ ਨਵੰਬਰ ਵਿਚ ਖਤਮ ਹੋ ਰਿਹਾ ਹੈ। ਖੈਰ ਇਨ੍ਹਾਂ ਦੋਹਾਂ ਸੂਬਿਆਂ ਵਿਚ ਅਕਤੂਬਰ ਵਿਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਪਰ ਇਸ ਦੇ ਨਾਲ ਹੀ ਭਾਜਪਾ ਦੇ ਸ਼ਾਸਨ ਵਾਲੇ ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ ਜਨਵਰੀ ਤੇ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ ਫਰਵਰੀ ਵਿਚ ਖਤਮ ਹੋਵੇਗਾ। ਇਨ੍ਹਾਂ ਵਿਚੋਂ ਝਾਰਖੰਡ ਵਿਚ ਭਾਜਪਾ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਭੰਗ ਕਰ ਕੇ ਮਹਾਰਾਸ਼ਟਰ ਅਤੇ ਹਰਿਆਣਾ ਦੇ ਨਾਲ ਚੋਣਾਂ ਕਰਾਉਣ ਦੀ ਸਿਫਾਰਸ਼ ਕਰ ਸਕਦੀ ਹੈ ਜਦਕਿ ਦਿੱਲੀ ਵਿਚ ਸਮੇਂ ਸਿਰ ਚੋਣਾਂ ਕਰਾਉਣ ਦਾ ਫੈਸਲਾ ਕਮਿਸ਼ਨ ਖੁਦ ਕਰ ਸਕਦਾ ਹੈ। ਸੰਵਿਧਾਨਕ ਤੌਰ 'ਤੇ ਕਮਿਸ਼ਨ ਦੇ ਸਾਹਮਣੇ ਇਸ ਮਾਮਲੇ ਵਿਚ ਕੋਈ ਰੁਕਾਵਟ ਨਹੀਂ ਹੈ ਕਿਉਂਕਿ ਕਿਸੇ ਵੀ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣ ਤੋਂ 6 ਮਹੀਨੇ ਪਹਿਲਾਂ ਤਕ ਸੰਵਿਧਾਨਕ ਤੌਰ 'ਤੇ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਦੌਰਾਨ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਅਟਕਲਾਂ ਸ਼ੁਰੂ ਹੋ ਗਈਆਂ ਹਨ। ਚੋਣ ਕਮਿਸ਼ਨ ਨੇ ਕੁਝ ਦਿਨ ਪਹਿਲਾਂ ਅਧਿਕਾਰਕ ਤੌਰ 'ਤੇ ਇਹ ਸਪੱਸ਼ਟ ਕੀਤਾ ਹੈ ਕਿ ਕਮਿਸ਼ਨ ਇਸ ਸਾਲ ਦੇ ਅੰਤ ਵਿਚ ਜੰਮੂ-ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਕਰਾਉਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰਨਾਥ ਯਾਤਰਾ ਪੂਰੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲਾ ਸੂਬਿਆਂ ਦੀ ਕਾਨੂੰਨੀ ਸਥਿਤੀ ਦਾ ਵਿਸ਼ਲੇਸ਼ਣ ਕਰੇਗਾ ਅਤੇ ਜੇਕਰ ਸਭ ਕੁਝ ਯੋਜਨਾ ਮੁਤਾਬਕ ਹੋਇਆ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਰਹੀ ਤਾਂ ਜੰਮੂ-ਕਸ਼ਮੀਰ ਵਿਚ ਵੀ ਇਨ੍ਹਾਂ ਚਾਰਾਂ ਸੂਬਿਆਂ ਵਿਚ ਇਕੱਠੀਆਂ ਚੋਣਾਂ ਕਰਾਈਆਂ ਜਾ ਸਕਦੀਆਂ ਹਨ। ਅਮਰਨਾਥ ਯਾਤਰਾ ਅਗਸਤ ਦੇ ਦੂਜੇ ਹਫਤੇ ਖਤਮ ਹੋਵੇਗੀ। ਇਸ ਤੋਂ ਬਾਅਦ ਸਥਿਤੀ ਦਾ ਮੁਲਾਂਕਣ ਤੇ ਸਿਆਸੀ ਦਲਾਂ ਨਾਲ ਬੈਠਕ ਤੋਂ ਬਾਅਦ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਅਮਿਤ ਸ਼ਾਹ ਨੇ ਤੈਅ ਕੀਤੇ ਵੱਡੇ ਟੀਚੇ
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਹਰਿਆਣਾ, ਝਾਰਖੰਡ ਦੀਆਂ ਚੋਣਾਂ ਲਈ ਟੀਚਾ ਵੀ ਤੈਅ ਕਰ ਲਿਆ ਹੈ। ਇਨ੍ਹਾਂ ਤਿੰਨਾਂ ਸੂਬਿਆਂ ਦੀਆਂ ਕੋਰ ਕਮੇਟੀਆਂ ਦੇ ਨਾਲ ਹੋਈ ਬੈਠਕ ਵਿਚ ਅਮਿਤ ਸ਼ਾਹ ਨੇ ਹਰਿਆਣਾ ਲਈ 90 ਤੋਂ 75, ਝਾਰਖੰਡ ਲਈ 81 ਵਿਚੋਂ 65 ਸੀਟਾਂ ਦਾ ਟੀਚਾ ਰੱਖਿਆ ਹੈ ਪਿਛਲੀ ਵਾਰ ਹਰਿਆਣਾ ਵਿਚ ਭਾਜਪਾ ਨੇ 46 ਅਤੇ ਝਾਰਖੰਡ ਵਿਚ 37 ਸੀਟਾਂ ਜਿੱਤੀਆਂ ਸਨ। ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸਥਿਤੀ ਸਾਫ ਨਹੀਂ ਹੋਈ ਹੈ। ਖੈਰ ਇਸ ਬਾਰੇ ਵਿਚ ਭਾਜਪਾ ਸ਼ਿਵ ਸੈਨਾ ਨਾਲ ਸੀਟਾਂ ਦੀ ਵੰਡ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਵੇਗੀ।

ਹਾਰੀ ਵਿਰੋਧੀ ਧਿਰ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ ਭਾਜਪਾ
ਭਾਜਪਾ ਮਹਾਰਾਸ਼ਟਰ ਤੇ ਹਰਿਆਣਾ ਦੇ ਨਾਲ-ਨਾਲ ਝਾਰਖੰਡ ਵਿਚ ਚੋਣਾਂ ਕਰਾਉਣ ਦਾ ਦਾਅ ਇਸ ਲਈ ਵੀ ਖੇਡ ਰਹੀ ਹੈ ਕਿਉਂਕਿ ਵਿਰੋਧੀ ਧਿਰ ਵਿਚ ਇਸ ਸਮੇਂ ਵੱਡੀ ਪੱਧਰ 'ਤੇ ਫੁੱਟ ਪਈ ਹੋਈ ਹੈ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਅੰਦਰੂਨੀ ਸੰਕਟ ਨਾਲ ਜੂਝ ਰਹੀ ਹੈ। ਹਰਿਆਣਾ ਵਿਚ ਕਾਂਗਰਸ ਦਾ ਸਭ ਤੋਂ ਬੁਰਾ ਹਾਲ ਹੈ। ਸੂਬਾ ਪ੍ਰਧਾਨ ਅਸ਼ੋਕ ਤੰਵਰ ਚੋਣਾਂ ਹਾਰਨ ਤੋਂ ਬਾਅਦ ਵੀ ਪ੍ਰਧਾਨ ਬਣੇ ਹੋਏ ਹਨ ਜਦਕਿ ਭੁਪਿੰਦਰ ਸਿੰਘ ਹੁੱਡਾ ਦਾ ਖੇਮਾ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਵਿਚ ਹੈ। ਇਹੀ ਹਾਲ ਮਹਾਰਾਸ਼ਟਰ ਵਿਚ ਹੈ। ਮਹਾਰਾਸ਼ਟਰ ਵਿਚ ਐੱਨ. ਸੀ. ਪੀ. ਸੰਕਟ ਦੇ ਦੌਰ ਵਿਚੋਂ ਲੰਘ ਰਹੀ ਹੈ ਅਤੇ ਉਸ ਦੇ ਨੇਤਾਵਾਂ 'ਤੇ ਕੇਂਦਰੀ ਏਜੰਸੀਆਂ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਕਾਂਗਰਸ ਦੀ ਹਾਲਤ ਵੀ ਮਹਾਰਾਸ਼ਟਰ ਤੇ ਦਿੱਲੀ ਵਿਚ ਬਹੁਤ ਚੰਗੀ ਨਹੀਂ ਹੈ। ਆਮ ਆਦਮੀ ਪਾਰਟੀ ਵੀ ਇਥੇ ਕਮਜ਼ੋਰ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਭਾਜਪਾ ਜਲਦੀ ਚੋਣਾਂ ਦਾ ਦਾਅ ਖੇਡਣਾ ਚਾਹੁੰਦੀ ਹੈ।


DIsha

Content Editor

Related News