ਆਰਥਿਕ ਮੰਦੀ ਦੀ ਲਪੇਟ ’ਚ ਆਇਆ ਅਸਾਮ ਦਾ 170 ਸਾਲ ਪੁਰਾਣਾ ਚਾਹ ਉਦਯੋਗ

8/28/2019 5:42:39 PM

ਨਵੀਂ ਦਿੱਲੀ — ਆਟੋਮੋਬਾਇਲ , ਰਿਅਲ ਅਸਟੇਟ, ਐਵੀਏਸ਼ਨ , ਟੈਕਸਟਾਈਲ ਦੇ ਬਾਅਦ ਹੁਣ ਦੇਸ਼ ਦੇ ਚਾਹ ਉਦਯੋਗ ’ਤੇ ਵੀ ਸੰਕਟ ਦੇ ਬੱਦਲ ਆ ਗਏ ਹਨ। 170 ਸਾਲ ਪੁਰਾਣਾ ਅਸਾਮ ਦਾ ਚਾਹ ਉਦਯੋਗ ਸੁਸਤੀ ਦੀ ਲਪੇਟ ’ਚ ਆ ਗਿਆ ਹੈ। ਉਤਪਾਦਨ ਲਾਗਤ ਵਧਣ ਅਤੇ ਚਾਹ ਦੀਆਂ ਕੀਮਤਾਂ ’ਚ ਠਹਿਰਾਅ ਨਾਲ ਇਸ ਸੈਕਟਰ ਦੇ ਲੰਮੇ ਸਮੇਂ ਤੱਕ ਫਾਇਦੇ ’ਚ ਰਹਿਣ ’ਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਫਿਲਹਾਲ ਮੌਜੂਦਾ ਸਮਾਂ ਇਸ ਉਦਯੋਗ ਲਈ ਮੁਸ਼ਕਲਾਂ ਭਰਿਆ ਲੱਗ ਰਿਹਾ ਹੈ। 

ਅਸਾਮ ਦੇ ਚਾਹ ਦੇ ਖੇਤਾਂ ਦੇ ਮਾਲਕ ਸਾਹਮਣੇ ਆ ਰਹੀ ਤੰਗੀ ਕਾਰਨ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਚਾਹ ਦੀਆਂ ਕੀਮਤਾਂ ਠਹਿਰ ਗਈਆਂ ਹਨ, ਮਜ਼ਦੂਰੀ ਅਤੇ ਹੋਰ ਲਾਗਤਾਂ ਵਧਦੀਆਂ ਜਾ ਰਹੀਆਂ ਹਨ। ਮੰਗ ਅਤੇ ਸਪਲਾਈ ’ਚ ਵੱਡਾ ਫਰਕ ਆ ਗਿਆ ਹੈ। ਆਵਾਜਾਈ ਦੀ ਲਾਗਤ ਵਧਦੀ ਜਾ ਰਹੀ ਹੈ। ਨਿਲਾਮੀ ’ਚ ਵੀ ਸਹੀ ਕੀਮਤ ਨਾ ਮਿਲਣਾ ਵੱਡੀ ਚੁਣੌਤੀ ਹੈ। ਇਸ ਤੋਂ ਇਲਾਵਾ ਜਲਵਾਯੂ ’ਚ ਬਦਲਾਅ ਵੀ ਸਮੱਸਿਆ ਪੈਦਾ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਚਾਹ ਉਤਪਾਦਕ ਅਤੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਨਿਰਯਾਤਕ ਹੈ। ਇਸ ਸੈਕਟਰ ’ਚ 12 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਇਸ ਦੇ ਨਾਲ ਹੀ ਚਾਹ ਬਾਗ ਦੇ ਮਜ਼ਦੂਰਾਂ ਦੇ ਕਰੀਬ 30 ਲੱਖ ਪਰਿਵਾਰ ਵਾਲੇ ਵੀ ਇਸ ਕਿੱਤੇ ’ਤੇ ਹੀ ਨਿਰਭਰ ਹਨ। ਭਾਰਤ ਦਾ ਚਾਹ ਉਤਪਾਦਨ ਸਾਲ 2014 ਦੇ 120.7 ਕਰੋੜ ਕਿਲੋਗ੍ਰਾਮ ਤੋਂ ਵਧ ਕੇ ਸਾਲ 2018 ’ਚ 133.90 ਕਰੋੜ ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ।

ਅਸਾਮ ’ਚ ਸਾਲ 2014 ’ਚ ਚਾਹ ਦੀ ਔਸਤ ਨਿਲਾਮੀ ਕੀਮਤ 150 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਅਤੇ ਆਲ ਇੰਡੀਆ ਪੱਧਰ ’ਤੇ ਇਹ 130.90 ਰੁਪਏ ਕਿਲੋਗ੍ਰਾਮ ਸੀ। ਸਾਲ 2018 ’ਚ ਕੀਮਤ ’ਚ ਮਾਮੂਲੀ ਵਾਧਾ ਹੀ ਹੋਇਆ, ਜਦੋਂਕਿ ਪੂਰੇ ਭਾਰਤ ’ਚ 138.83 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਦੂਜੇ ਪਾਸੇ ਸਾਲ 2018 ’ਚ ਅਸਾਮ ਦੇ ਚਾਹ ਬਾਗ ’ਚ ਮਜ਼ਦੂਰਾਂ ਦੀ ਤਨਖਾਹ ’ਚ 22 ਫੀਸਦੀ ਦਾ ਵਾਧਾ ਹੋਇਆ ਹੈ। ਉਤਪਾਦਨ ਲਾਗਤ ਉਮੀਦ ਤੋਂ ਜ਼ਿਆਦਾ ਵਧ ਗਈ ਹੈ। 

ਦੇਸ਼ ’ਚ ਕੁੱਲ ਚਾਹ ਉਤਪਾਦਨ ’ਚ ਅਸਾਮ ਦੀ ਚਾਹ ਦਾ ਯੋਗਦਾਨ ਕਰੀਬ 52 ਫੀਸਦੀ ਹੁੰਦਾ ਹੈ ਪਰ ਜਿਸ ਤਰੀਕੇ ਨਾਲ ਇਹ ਉਦਯੋਗ ਸੁਸਤੀ ਦੀ ਲਪੇਟ ’ਚ ਆ ਰਿਹਾ ਹੈ ਉਸ ਕਾਰਨ ਭਵਿੱਖ ’ਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ