ਆਸਾਮ ਪੁਲਸ ਨੇ ''ਆਈ.ਈ.ਡੀ. ਵਰਗੇ ਯੰਤਰ'' ’ਤੇ ਸੂਚਨਾ ਦੇਣ ਵਾਲਿਆਂ  ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ

Saturday, Aug 17, 2024 - 11:55 AM (IST)

ਗੁਹਾਟੀ - ਅਸਾਮ ਪੁਲਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਉਲਫਾ (ਆਈ) ਲਈ ਸੂਬੇ  ਦੇ ਵੱਖ-ਵੱਖ ਹਿੱਸਿਆਂ ’ਚ 'ਆਈ.ਈ.ਡੀ. ਵਰਗੇ ਯੰਤਰ' ਲਗਾਉਣ, ਨਿਰਮਾਣ ਅਤੇ ਆਵਾਜਾਈ ’ਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਲਈ ਭਰੋਸੇਯੋਗ ਸੂਚਨਾ ਦੇਣ ਵਾਲਿਆਂ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪੁਲਸ ਨੇ ਮਾਮਲੇ ਨੂੰ ਸੁਲਝਾਉਣ ਦਾ ਭਰੋਸਾ ਪ੍ਰਗਟਾਇਆ ਹੈ ਅਤੇ ਵੱਖ-ਵੱਖ ਅਧਿਕਾਰੀਆਂ ਅਤੇ ਯੂਨਿਟਾਂ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਾਸਾਮ (ਇੰਡੀਪੈਂਡੈਂਟ) ਨੇ ਵੀਰਵਾਰ ਨੂੰ ਪੀ.ਟੀ.ਆਈ. ਸਮੇਤ ਵੱਖ-ਵੱਖ ਮੀਡੀਆ ਸੰਗਠਨਾਂ ਨੂੰ ਭੇਜੀ ਇਕ ਈ-ਮੇਲ ’ਚ 24 ਬੰਬ ਲਗਾਉਣ ਦਾ ਦਾਅਵਾ ਕੀਤਾ ਅਤੇ ਇਕ ਸੂਚੀ ਭੇਜੀ ਜਿਸ ’ਚ ਉਸ ਨੇ ਤਸਵੀਰਾਂ ਸਮੇਤ 19 ਬੰਬਾਂ ਦੇ ਸਹੀ ਟਿਕਾਣਿਆਂ ਦੀ ਪਛਾਣ ਕੀਤੀ ਪਰ ਬਾਕੀ ਪੰਜਾਂ ਬਾਰੇ ਨਹੀਂ ਦੱਸਿਆ।

ਉਲਫਾ ਨੇ ਕਿਹਾ ਸੀ ਕਿ ਇਹ ਧਮਾਕੇ ਵੀਰਵਾਰ ਨੂੰ ਸਵੇਰੇ 6 ਵਜੇ ਤੋਂ ਦੁਪਹਿਰ ਦਰਮਿਆਨ ਹੋਣੇ ਸਨ ਪਰ 'ਤਕਨੀਕੀ ਖਰਾਬੀ' ਕਾਰਨ ਬੰਬ ਨਹੀਂ ਫਟ ਸਕਿਆ, ਇਸ ਲਈ ਉਸ ਨੇ ਧਮਾਕਿਆਂ ਨੂੰ ਅਕਿਰਿਆਸ਼ੀਲ ਕਰਨ ਲਈ ਜਨਤਾ ਦਾ ਸਹਿਯੋਗ ਮੰਗਿਆ।ਗੁਹਾਟੀ 'ਚ ਸ਼ੁੱਕਰਵਾਰ ਨੂੰ ਆਈ.ਈ.ਡੀ. ਵਰਗੇ ਦੋ ਯੰਤਰਾਂ ਦੀ ਬਰਾਮਦਗੀ ਤੋਂ ਬਾਅਦ ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ ਜ਼ਬਤ ਕੀਤੇ ਗਏ ਅਜਿਹੇ ਯੰਤਰਾਂ ਦੀ ਕੁੱਲ ਗਿਣਤੀ 10 ਤੱਕ ਪਹੁੰਚ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਖੀਮਪੁਰ ਪੁਲਸ ਨੇ ਇਕ ਨਾਬਾਲਗ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ, ਜਦਕਿ ਧਮਾਕੇ ਦਾ ਪਤਾ ਲਗਾਉਣ ਲਈ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਨ੍ਹਾਂ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ  ਉਨ੍ਹਾਂ 'ਚ ਸੰਗਠਨ ਦੇ ਸਾਬਕਾ ਸਵੈ-ਐਲਾਨੇ ਜਨਰਲ ਸਕੱਤਰ ਅਨੂਪ ਚੇਤਿਆ ਦਾ ਤਿਨਸੁਕਿਆ ਜ਼ਿਲੇ ਦੇ ਪਾਨੀਟੋਲਾ ਸਥਿਤ ਘਰ ਵੀ ਸ਼ਾਮਲ ਹੈ।

ਚੇਤੀਆ ਨੇ ਪਿਛਲੇ ਸਾਲ ਸਰਕਾਰ ਨਾਲ ਸ਼ਾਂਤੀ ਸਮਝੌਤਾ ਕੀਤਾ ਸੀ। ਪੁਲਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ) ਜੀ ਪੀ ਸਿੰਘ ਨੇ ਗੁਹਾਟੀ ਪੁਲਸ ਨਾਲ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, "ਅਸੀਂ ਗੁਹਾਟੀ ਸ਼ਹਿਰ, ਵਿਸ਼ੇਸ਼ ਬ੍ਰਾਂਚ, ਸੀ.ਆਈ.ਡੀ. ਅਤੇ ਹੋਰ ਵਿਭਾਗਾਂ ਦੇ ਆਪਣੇ ਅਧਿਕਾਰੀਆਂ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ, ਕਿਹੜੀ ਕਾਰਜ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਹੜੀਆਂ ਏਜੰਸੀਆਂ ਕਿਸ ਤਰ੍ਹਾਂ ਨਾਲ ਮਦਦ ਕਰਨਗੀਆਂ, ਇਸ ਦੇ ਆਧਾਰ 'ਤੇ ਅਧਿਕਾਰੀਆਂ ਨੂੰ ਗੁਹਾਟੀ 'ਚ ਚਾਰ ਮਾਮਲੇ ਦਰਜ ਕੀਤੇ ਗਏ ਹਨ ਅਤੇ ਜਾਂਚ ਅਧਿਕਾਰੀ ਵਿਸ਼ੇਸ਼ ਜਾਂਚ ਟੀਮ (SIT) ਨਾਲ ਤਾਲਮੇਲ ਕਰੇਗਾ, ਜੋ ਸ਼ਹਿਰ ਦੇ ਪੁਲਸ ਕਮਿਸ਼ਨਰ ਦੇ ਨਾਲ ਸਥਿਤੀ ਦੇ ਨਜ਼ਰ ਰੱਖੇਗੀ।

ਡੀ.ਜੀ.ਪੀ. ਨੇ ਕਿਹਾ ਕਿ ਹੋਰਨਾਂ ਜ਼ਿਲਿਆਂ ’ਚ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐੱਸ.ਆਈ.ਟੀ. ਵਧੀਕ ਪੁਲਸ ਸੁਪਰਡੈਂਟ (ਅਪਰਾਧ) ਦੀ ਅਗਵਾਈ ’ਚ ਕੰਮ ਕਰੇਗੀ। ਇਨਾਮ ਦਾ ਐਲਾਨ ਕਰਦਿਆਂ ਸਿੰਘ ਨੇ ਕਿਹਾ ਕਿ ਇਹ 'ਆਈ.ਈ.ਡੀ. ਵਰਗੇ ਯੰਤਰ' ਕਿਸ ਨੇ ਬਣਾਏ, ਕੌਣ  ਇਨ੍ਹਾਂ  ਨੂੰ ਲੈ  ਕੇ ਆਇਆ ਅਤੇ ਕਿਸ ਨੇ ਇਨ੍ਹਾਂ ਨੂੰ ਲਾਇਆ, ਅਜਿਹੀ ਕੋਈ ਵੀ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ ਅਸੀਂ 5 ਲੱਖ ਰੁਪਏ ਤੱਕ ਦਾ ਇਨਾਮ ਦਵਾਂਗੇ। ਪੁਲਸ ਇਸ ਘਟਨਾ ’ਚ ਸ਼ਾਮਲ ਲੋਕਾਂ ਨੂੰ ਫੜਨ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਲਫਾ (ਆਈ) ਨੇ ਗੁਹਾਟੀ ਤੋਂ ਇਲਾਵਾ ਸ਼ਿਵਸਾਗਰ, ਲਖੀਮਪੁਰ, ਨਗਾਓਂ, ਨਲਬਾੜੀ, ਡਿਬਰੂਗੜ੍ਹ, ਤਾਮੂਲਪੁਰ, ਤਿਨਸੁਕੀਆ ਅਤੇ ਗੋਲਾਘਾਟ ’ਚ ਬੰਬ ਲਗਾਉਣ ਦਾ ਦਾਅਵਾ ਕੀਤਾ ਸੀ। 


Sunaina

Content Editor

Related News