ਅਸਾਮ: ਕਬਜ਼ੇ ਹਟਾਉਣ ਦੌਰਾਨ ਪੁਲਸ ਨੇ ਕੀਤੀ ਗੋਲੀਬਾਰੀ, ਦੋ ਲੋਕਾਂ ਦੀ ਮੌਤ

Thursday, Sep 12, 2024 - 08:58 PM (IST)

ਗੁਹਾਟੀ : ਅਸਾਮ ਦੇ ਕਾਮਰੂਪ (ਮੈਟਰੋਪੋਲੀਟਨ) ਜ਼ਿਲ੍ਹੇ ਵਿਚ ਵੀਰਵਾਰ ਨੂੰ ਕਥਿਤ ਤੌਰ 'ਤੇ ਕਬਜ਼ੇ ਹਟਾਉਣ ਦੌਰਾਨ ਇਕ ਭੀੜ ਨੇ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ। ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਦੋ ਪ੍ਰਦਰਸ਼ਨਕਾਰੀ ਮਾਰੇ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਸਨੇ ਦਾਅਵਾ ਕੀਤਾ ਕਿ ਭੀੜ ਦੇ ਹਮਲੇ ਵਿੱਚ ਕਈ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋਏ ਹਨ ਜਿਸ ਤੋਂ ਬਾਅਦ ਪੁਲਸ ਨੂੰ ਗੋਲੀ ਚਲਾਉਣੀ ਪਈ। 

ਉਨ੍ਹਾਂ ਦੱਸਿਆ ਕਿ ਸੋਨਾਪੁਰ ਜ਼ੋਨਲ ਦਫ਼ਤਰ ਅਤੇ ਪੁਲਸ ਦੀ ਇੱਕ ਟੀਮ ਬੰਗਾਲੀ ਭਾਸ਼ੀ ਮੁਸਲਿਮ ਪਿੰਡ ਵਾਸੀਆਂ ਤੋਂ ਜ਼ਮੀਨ ਖਾਲੀ ਕਰਵਾਉਣ ਲਈ ਜ਼ਿਲ੍ਹੇ ਦੇ ਪਿੰਡ ਕੋਚੂਟੋਲੀ ਗਈ ਸੀ। ਉਸ ਨੇ ਦੱਸਿਆ ਕਿ ਪਹਿਲਾਂ ਵੀ ਪਿੰਡ ਵਾਸੀਆਂ ਨੂੰ ਇੱਥੋਂ ਹਟਾਇਆ ਗਿਆ ਸੀ ਪਰ ਉਹ ਮੁੜ ਇੱਥੇ ਆ ਗਏ। ਅਧਿਕਾਰੀ ਨੇ ਦੱਸਿਆ ਕਿ ਔਰਤਾਂ ਸਮੇਤ ਪਿੰਡ ਵਾਸੀਆਂ ਨੇ ਅਧਿਕਾਰੀਆਂ ਅਤੇ ਪੁਲਸ ਕਰਮਚਾਰੀਆਂ 'ਤੇ ਤੇਜ਼ਧਾਰ ਹਥਿਆਰਾਂ, ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ, ਜਿਸ ਨਾਲ ਇਕ ਮੈਜਿਸਟ੍ਰੇਟ ਅਤੇ 20 ਤੋਂ ਵੱਧ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਪੁਲਸ ਦੀ ਇੱਕ ਗੱਡੀ ਵੀ ਨੁਕਸਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਭੀੜ ਨੂੰ ਖਿੰਡਾਉਣ ਲਈ ਪੁਲਸ ਨੂੰ ਗੋਲੀ ਚਲਾਉਣੀ ਪਈ। ਗੋਲੀਬਾਰੀ ਵਿੱਚ ਦੋ ਹਮਲਾਵਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸੋਨਾਪੁਰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜ਼ੁਬਾਹਿਰ ਅਲੀ ਅਤੇ ਹੈਦਰ ਅਲੀ ਵਜੋਂ ਹੋਈ ਹੈ। 

ਸੋਨਾਪੁਰ ਸਰਕਲ ਅਧਿਕਾਰੀ ਨਿਤੁਲ ਖਟਾਨੀਆਰ, ਪੁਲਸ ਡਿਪਟੀ ਕਮਿਸ਼ਨਰ (ਪੂਰਬੀ) ਮ੍ਰਿਣਾਲ ਡੇਕਾ ਅਤੇ ਸੋਨਾਪੁਰ ਪੁਲਸ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਹਰਕ ਜੋਤੀ ਸੈਕੀਆ ਵੀ ਜ਼ਖਮੀਆਂ ਵਿਚ ਸ਼ਾਮਲ ਹਨ। ਇਕ ਚਸ਼ਮਦੀਦ ਨੇ ਦਾਅਵਾ ਕੀਤਾ ਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਇਕ ਹੋਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਮਾਮੂਲੀ ਸੱਟਾਂ ਵਾਲੇ ਕਈ ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਿੰਡ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਅਧਿਕਾਰੀ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ, ਪਰ ਪੂਰੇ ਇਲਾਕੇ ਵਿੱਚ ਤਣਾਅ ਹੈ।


Baljit Singh

Content Editor

Related News