ਆਸਾਮ ''ਚ ਹੜ੍ਹ ਕਾਰਨ ਵਿਗੜੇ ਹਾਲਾਤ, 5 ਹੋਰ ਲੋਕਾਂ ਦੀ ਮੌਤ

07/26/2020 8:43:48 PM

ਗੁਹਾਟੀ- ਆਸਾਮ ਵਿਚ ਹੜ੍ਹ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਇੱਥੇ 23 ਜ਼ਿਲ੍ਹਿਆਂ ਦੇ 25 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ ਅਤੇ ਇਸ ਕਾਰਨ 5 ਹੋਰ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਐਤਵਾਰ ਨੂੰ ਅਧਿਕਾਰਤ ਬੁਲੇਟਿਨ ਵਿਚ ਦਿੱਤੀ ਗਈ।

ਆਸਾਮ ਸੂਬਾ ਆਫਤ ਪ੍ਰਬੰਧਨ ਅਥਾਰਟੀ ਨੇ ਹੜ੍ਹ ਸਬੰਧੀ ਆਪਣੀ ਨਿਯਮਤ ਰਿਪੋਰਟ ਵਿਚ ਕਿਹਾ ਹੈ ਕਿ ਬਰਪੇਟਾ ਅਤੇ ਕੋਕਰਾਝਾਰ ਜ਼ਿਲ੍ਹਿਆਂ ਵਿਚ ਦੋ-ਦੋ ਅਤੇ ਮੋਰਿਗਾਓਂ ਜ਼ਿਲ੍ਹੇ ਵਿਚ ਇਕ ਵਿਅਕਤੀ ਦੀ ਮੌਤ ਹੋਈ ਹੈ।

ਸੂਬੇ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤਕ 128 ਲੋਕ ਆਪਣੀ ਜਾਨ ਗੁਆ​ਚੁੱਕੇ ਹਨ। ਇਨ੍ਹਾਂ ਵਿਚੋਂ 102 ਲੋਕਾਂ ਦੀ ਹੜ੍ਹ ਨਾਲ ਜੁੜੀਆਂ ਸਬੰਧਤ ਘਟਨਾਵਾਂ ਵਿਚ ਮੌਤ ਹੋ ਗਈ ਅਤੇ 26 ਦੀ ਮੌਤ ਜ਼ਮੀਨ ਖਿਸਕਣ ਕਾਰਨ ਹੋਈ। ਅਥਾਰਟੀ ਨੇ ਦੱਸਿਆ ਕਿ ਸੂਬੇ ਦੇ 24.76 ਲੱਖ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। ਗੋਲਪਾੜਾ ਵਿਚ 4.7 ਲੱਖ ਤੋਂ ਵੱਧ ਲੋਕ ਪ੍ਰਭਾਵਤ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿਚ 101 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪਿਛਲੇ 24 ਘੰਟਿਆਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ 188 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਸ਼ਨੀਵਾਰ ਤੱਕ ਹੜ੍ਹ ਨਾਲ 27 ਜ਼ਿਲ੍ਹਿਆਂ ਦੇ 26.37 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ।


Sanjeev

Content Editor

Related News