ਓਵੈਸੀ ਕਿਉਂ ਬੋਲੇ, 'ਭਾਰਤ ਮੁਰਗੀ ਦੀ ਗਰਦਨ ਨਹੀਂ, ਜੋ ਕੋਈ ਵੀ ਤੋੜ ਦੇਵੇਗਾ'

01/26/2020 2:32:48 PM

ਹੈਦਰਾਬਾਦ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ.ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਦੇ 'ਉੱਤਰੀ-ਪੂਰਬੀ ਰਾਜ ਨੂੰ ਭਾਰਤ ਤੋਂ ਵੱਖ ਕਰਨ' ਦੇ ਬਿਆਨ 'ਤੇ ਭੜਕਿਆ ਵਿਵਾਦ ਰੁਕਦਾ ਦਿਖਾਈ ਨਹੀਂ ਦੇ ਰਿਹਾ। ਹੈਦਰਾਬਾਦ ਤੋਂ ਸੰਸਦ ਮੈਂਬਰ ਤੇ ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਸ਼ਰਜੀਲ 'ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਮੁਰਗੀ ਦੀ ਗਰਦਨ ਨਹੀਂ ਹੈ, ਜਿਸ ਨੂੰ ਤੋੜਿਆ ਜਾ ਸਕਦਾ ਹੈ।

 

ਓਵੈਸੀ ਨੇ ਕਿਹਾ, ''ਕੋਈ ਵੀ ਭਾਰਤ ਜਾਂ ਇਸ ਦੇ ਕਿਸੇ ਵੀ ਖੇਤਰ ਨੂੰ ਤੋੜ ਨਹੀਂ ਸਕਦਾ। ਇਹ ਇਕ ਮੁਲਕ ਹੈ, ਕੋਈ ਮੁਰਗੀ ਦੀ ਗਰਦਨ ਨਹੀਂ ਜਿਸ ਨੂੰ ਤੋੜਿਆ ਜਾ ਸਕੇ। ਮੈਂ ਇਸ ਤਰ੍ਹਾਂ ਦੇ ਬਿਆਨਾਂ ਨੂੰ ਸਵੀਕਾਰ ਨਹੀਂ ਕਰਦਾ। ਮੈਂ ਅਜਿਹੀਆਂ ਗੱਲਾਂ ਦੀ ਨਿੰਦਾ ਕਰਦਾ ਹਾਂ। ਅਜਿਹੀਆਂ ਘਟੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''

ਓਵੈਸੀ ਨੇ ਸ਼ਰਜੀਲ ਇਮਾਮ ਦੇ ਵਾਇਰਲ ਵੀਡੀਓ ਮਗਰੋਂ ਇਹ ਬਿਆਨ ਦਿੱਤਾ ਹੈ। ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਵਿਚ ਸ਼ਰਜੀਲ ਇਮਾਮ ਨੇ ਬੇਹੱਦ ਭੜਕਾਊ ਗੱਲਾਂ ਆਖੀਆਂ ਸਨ। ਇਸ ਵੀਡੀਓ ਨੂੰ ਲੈ ਕੇ ਸ਼ਰਜੀਲ ਖਿਲਾਫ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੇ ਆਸਾਮ ਦੇ ਗੁਹਾਟੀ 'ਚ ਵੱਖ-ਵੱਖ ਧਾਰਾਵਾਂ ਤਹਿਤ ਮੁੱਕਦਮਾ ਦਰਜ ਹੋਇਆ ਹੈ, ਜਿਸ 'ਚ ਦੇਸ਼ਧ੍ਰੋਹ ਦੀ ਧਾਰਾ ਵੀ ਸ਼ਾਮਲ ਹੈ। ਇਸ ਵਾਇਰਲ ਵੀਡੀਓ 'ਚ ਸ਼ਰਜੀਲ ਨੇ ਭੀੜ ਨੂੰ ਸੰਬੋਧਤ ਕਰਦੇ ਹੋਏ ਕਿਹਾ ਸੀ, ''ਤੁਹਾਨੂੰ ਪਤਾ ਹੈ ਕਿ ਆਸਾਮ ਦੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਹੈ? ਐੱਨ. ਆਰ. ਸੀ. ਉੱਥੇ ਲਾਗੂ ਕੀਤੀ ਗਈ ਹੈ ਅਤੇ ਲੋਕਾਂ ਨੂੰ ਨਿਗਰਾਨੀ ਕੈਂਪਾਂ 'ਚ ਭੇਜਿਆ ਜਾ ਰਿਹਾ ਹੈ। 6-8 ਮਹੀਨਿਆਂ 'ਚ ਸਾਨੂੰ ਪਤਾ ਲੱਗੇਗਾ ਕਿ ਸਾਰੇ ਬੰਗਾਲੀ ਵੀ ਮਾਰ ਦਿੱਤੇ ਗਏ ਹਨ, ਭਾਵੇਂ ਉਹ ਹਿੰਦੂ ਹੋਣ ਜਾਂ ਮੁਸਲਮਾਨ। ਇਸ ਲਈ ਸਾਨੂੰ ਆਸਾਮ ਦੇ ਰਸਤੇ ਬੰਦ ਕਰਨੇ ਹੋਣਗੇ ਤਾਂ ਕਿ ਫੌਜ ਤੇ ਹੋਰ ਸਪਲਾਈ ਉੱਥੇ ਨਾ ਪਹੁੰਚ ਸਕੇ। ਮੁਰਗੀ ਦੀ ਗਰਦਨ ਮੁਸਲਮਾਨਾਂ ਦੇ ਹੱਥ 'ਚ ਹੈ।''


Related News