ਸੱਤਾ ਤੋਂ ਬਾਹਰ ਹੁੰਦੇ ਹੀ ਮੁਸਲਮਾਨਾਂ ਦੀ ''ਬਿੱਗ ਬ੍ਰਦਰ'' ਬਣ ਜਾਂਦੀ ਹੈ ਕਾਂਗਰਸ : ਓਵੈਸੀ

Wednesday, Jul 24, 2019 - 06:02 PM (IST)

ਸੱਤਾ ਤੋਂ ਬਾਹਰ ਹੁੰਦੇ ਹੀ ਮੁਸਲਮਾਨਾਂ ਦੀ ''ਬਿੱਗ ਬ੍ਰਦਰ'' ਬਣ ਜਾਂਦੀ ਹੈ ਕਾਂਗਰਸ : ਓਵੈਸੀ

ਨਵੀਂ ਦਿੱਲੀ (ਭਾਸ਼ਾ)— ਏ. ਆਈ. ਐੱਮ. ਆਈ. ਐੱਮ. ਦੇ ਨੇਤਾ ਅਸਦੁਦੀਨ ਓਵੈਸੀ ਨੇ ਲੋਕ ਸਭਾ 'ਚ ਯੂ. ਏ. ਪੀ. ਏ. ਯਾਨੀ ਕਿ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਬਿੱਲ ਦੀ ਵਰਤੋਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਓਵੈਸੀ ਨੇ ਕਿਹਾ ਕਿ ਸੱਤਾ ਤੋਂ ਬਾਹਰ ਹੁੰਦੇ ਹੀ ਕਾਂਗਰਸ ਮੁਸਲਮਾਨਾਂ ਦੀ 'ਬਿੱਗ ਬ੍ਰਦਰ' ਬਣ ਜਾਂਦੀ ਹੈ। ਸੰਸਦ 'ਚ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਬਿੱਲ 2019 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਓਵੈਸੀ ਨੇ ਕਿਹਾ ਕਿ ਯੂ. ਏ. ਪੀ. ਏ. ਕਾਨੂੰਨ ਦੀ ਜੋ ਦੁਰਵਰਤੋਂ ਹੋਈ ਹੈ, ਉਸ ਦੀ ਅਸਲੀ ਦੋਸ਼ੀ ਕਾਂਗਰਸ ਹੈ।

PunjabKesari

ਉਨ੍ਹਾਂ ਨੇ ਕਿਹਾ ਕਿ ਜਦੋਂ ਕਾਂਗਰਸ ਸੱਤਾ 'ਚ ਰਹਿੰਦੇ ਹੋਏ ਸੋਧ ਬਿੱਲ ਲੈ ਕੇ ਆਈ ਸੀ ਤਾਂ ਵੀ ਮੈਂ ਇਸ ਦਾ ਵਿਰੋਧ ਕੀਤਾ ਸੀ ਤਾਂ ਇਸ 'ਤੇ ਕਾਂਗਰਸ ਨੇ ਕਿਹਾ ਕਿ ਮੈਂ ਰਾਸ਼ਟਰੀ ਹਿੱਤ ਨਹੀਂ ਜਾਣਦਾ। ਓਵੈਸੀ ਨੇ ਦਾਅਵਾ ਕੀਤਾ ਕਿ ਸੱਤਾ ਵਿਚ ਰਹਿੰਦੇ ਹੋਏ ਕਾਂਗਰਸ ਦਾ ਰੁਖ਼ ਇਸ ਤਰ੍ਹਾਂ ਦਾ ਹੁੰਦਾ ਹੈ ਅਤੇ ਸੱਤਾ ਤੋਂ ਬਾਹਰ ਹੁੰਦੇ ਹੀ ਮੁਸਲਮਾਨਾਂ ਦੀ 'ਬਿੱਗ ਬ੍ਰਦਰ' ਬਣ ਜਾਂਦੀ ਹੈ। ਓਵੈਸੀ ਨੇ ਕਿਹਾ ਕਿ ਕਾਂਗਰਸ ਨੂੰ ਸਾਡੇ ਦਰਦ ਦਾ ਅਹਿਸਾਸ ਉਦੋਂ ਹੋਵੇਗਾ, ਜਦੋਂ ਉਸ ਦੇ ਕਿਸੇ ਸੀਨੀਅਰ ਨੇਤਾ ਨੂੰ ਮਹੀਨਿਆਂ ਲਈ ਇਸ ਕਾਨੂੰਨ ਤਹਿਤ ਜੇਲ ਹੋ ਜਾਵੇ। ਇਸ 'ਤੇ ਭਾਜਪਾ ਦੇ ਕੁਝ ਮੈਂਬਰਾਂ ਵੀ ਮੇਜ ਥਪਥਾਈ ਦੇਖੇ ਗਏ। ਓਵੈਸੀ ਦੇ ਦੋਸ਼ 'ਤੇ ਕਾਂਗਰਸ ਦੇ ਗੌਰਵ ਗੋਗੋਈ ਅਤੇ ਕੁਝ ਹੋਰ ਮੈਂਬਰ ਵਿਰੋਧ ਕਰਦੇ ਹੋਏ ਆਪਣੀਆਂ ਥਾਵਾਂ 'ਤੇ ਖੜ੍ਹੇ ਹੋ ਗਏ। ਗੋਗੋਈ ਨੇ ਕਿਹਾ ਕਿ ਓਵੈਸੀ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਇਸ ਨੂੰ ਰਿਕਾਰਡ ਤੋਂ ਹਟਾਉਣਾ ਚਾਹੀਦਾ ਹੈ।


author

Tanu

Content Editor

Related News