ਸਮਾਂ ਬੀਤਣ ਦੇ ਨਾਲ-ਨਾਲ ਮੋਦੀ ਕਰ ਰਹੇ ਹਨ ਬਦਲਾਂ ’ਤੇ ਵਿਚਾਰ

Wednesday, May 07, 2025 - 12:14 AM (IST)

ਸਮਾਂ ਬੀਤਣ ਦੇ ਨਾਲ-ਨਾਲ ਮੋਦੀ ਕਰ ਰਹੇ ਹਨ ਬਦਲਾਂ ’ਤੇ ਵਿਚਾਰ

ਨੈਸ਼ਨਲ ਡੈਸਕ- ਦੇਸ਼ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਕਿ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਪ੍ਰਧਾਨ ਮੰਤਰੀ ਮੋਦੀ ਕੀ ਕਾਰਵਾਈ ਕਰਨਗੇ?

ਮੋਦੀ ਨੇ 2016 ’ਚ ਉੜੀ ਹਮਲੇ ਦੇ 10 ਦਿਨਾਂ ਅੰਦਰ ਪਾਕਿਸਤਾਨ ਵਿਰੁੱਧ ਸਰਜੀਕਲ ਸਟ੍ਰਾਈਕ ਕਰ ਕੇ ਅਤੇ 2019 ’ਚ ਪੁਲਵਾਮਾ ਹਮਲੇ ਤੋਂ 12 ਦਿਨਾਂ ਅੰਦਰ ਬਾਲਾਕੋਟ ’ਚ ਹਵਾਈ ਹਮਲੇ ਕਰ ਕੇ ਉੱਚਾ ਮਿਆਰ ਹਾਸਲ ਕੀਤਾ ਸੀ।

ਇਸ ਸਾਲ ਵੀ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦੀਆਂ ਦੇ ਬਾਕੀ ਬਚੇ ਕੁਝ ਟਿਕਾਣਿਆਂ ਨੂੰ ਤਬਾਹ ਕਰਨ ਦਾ ਸਮਾਂ ਆ ਗਿਆ ਹੈ ਤਾਂ ਉਨ੍ਹਾਂ ਦੇ ਮਿਆਰ ਉੱਚੇ ਜਾਪਦੇ ਹਨ। ਸਭ ਦੀਆਂ ਨਜ਼ਰਾਂ ਮੋਦੀ ’ਤੇ ਹਨ ਕਿ ਉਹ ਕਿਹੜੀ ਫੌਜੀ ਕਾਰਵਾਈ ਕਰਦੇ ਹਨ ਤੇ ਕਦੋਂ ਕਰਦੇ ਹਨ? ਮੋਦੀ ਸਰਕਾਰ ਕਈ ਬਦਲਾਂ ’ਤੇ ਵਿਚਾਰ ਕਰ ਰਹੀ ਹੈ।

ਭਾਰਤ ਹਾਫਿਜ਼ ਸਈਦ ਵਰਗੇ ਕੁਝ ਜਾਣੂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਹੀ ਪੀ. ਓ. ਕੇ. ’ਚ ਅੱਤਵਾਦੀ ਕੈਂਪਾਂ ’ਤੇ ਸੀਮਤ ਤੇ ਨਿਸ਼ਾਨਾਬੱਧ ਹਵਾਈ ਹਮਲੇ ਕਰ ਸਕਦਾ ਹੈ। ਉਹ ਭਾਰਤੀ ਖੇਤਰ ਅੰਦਰ ਰਹਿ ਕੇ ਵੀ ਸਟੀਕ ਅਤੇ ਖੁਫੀਆ ਜਾਣਕਾਰੀ ਰਾਹੀਂ ਡਰੋਨ ਹਮਲੇ ਕਰ ਸਕਦਾ ਹੈ।

22 ਅਪ੍ਰੈਲ ਨੂੰ ਪਹਿਲਗਾਮ ’ਚ ਧਰਮ ਦੇ ਆਧਾਰ ’ਤੇ ਆਪਣੇ ਨਿਸ਼ਾਨੇ ਚੁਣਨ ਵਾਲੇ ਅੱਤਵਾਦੀਆਂ ਦੀ ਪਛਾਣ ਤੇ ਵੇਰਵਿਆਂ ਦਾ ਪਤਾ ਲਾਉਣ ਲਈ ਯਤਨ ਜਾਰੀ ਹਨ। ਬ੍ਰਾਸਟ੍ਰੈਕ ਵਰਗੇ ਆਪ੍ਰੇਸ਼ਨਾਂ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਭਾਰਤ ਨੇ 1986-1987 ਦੀਆਂ ਸਰਦੀਆਂ ’ਚ ਸਰਹੱਦ ’ਤੇ 500,000 ਜਵਾਨਾਂ ਨੂੰ ਇਕੱਠਾ ਕਰ ਕੇ ਪਾਕਿਸਤਾਨ ਨੂੰ ਜੰਗ ਦੀ ਧਮਕੀ ਦਿੱਤੀ ਸੀ। ਭਾਰਤ ਦੇ ਆਪ੍ਰੇਸ਼ਨ ਬ੍ਰਾਸਟੈਕ ਨੇ ਪਾਕਿਸਤਾਨ ਨੂੰ ਹੈਰਾਨ ਕਰ ਦਿੱਤਾ ਤੇ ਉਸ ਨੂੰ ਆਪਣੇ ਫੌਜੀ ਸੋਮਿਆਂ ਦੀ ਜਾਂਚ ਕਰਨ ਲਈ ਮਜਬੂਰ ਕਰ ਦਿੱਤਾ। ਭਾਰਤ ਨੇ ਵਿਖਾਇਆ ਕਿ ਉਸ ਕੋਲ ਪ੍ਰਮਾਣੂ ਸਮਰੱਥਾ ਹੈ।

ਪਾਕਿਸਤਾਨ ਦੀ ਬਲੋਚਿਸਤਾਨ ਤੇ ਪਸ਼ਤੂਨ ਬਹੁਗਿਣਤੀ ਵਾਲੇ ਖੇਤਰ ਜਿਨ੍ਹਾਂ ’ਚ ਖੈਬਰ ਪਖਤੂਨਖਵਾ ਦੇ ਕੁਝ ਹਿੱਸੇ ਵੀ ਸ਼ਾਮਲ ਹਨ, ’ਚ ਅਹਿਮ ਫੌਜੀ ਮੌਜੂਦਗੀ ਹੈ।

ਭਾਰਤ ਦੇ ਕਦਮਾਂ ਨਾਲ ਬਲੋਚ ਤੇ ਪਸ਼ਤੂਨਾਂ ਨੂੰ ਕੁਝ ਰਾਹਤ ਮਿਲੇਗੀ ਤੇ ਪਾਕਿਸਤਾਨ ਨੂੰ ਵੀ ਅੰਦਰੂਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਭਾਰਤ 'ਜੰਗਬੰਦੀ ਖਤਮ ਕਰਨ ’ਤੇ ਵੀ ਵਿਚਾਰ ਕਰ ਰਿਹਾ ਹੈ ਕਿਉਂਕਿ ਫਰਵਰੀ 2021 ’ਚ ਦੋਵਾਂ ਦੇਸ਼ਾਂ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਵੀ ਸਰਹੱਦਾਂ 'ਤੇ ਕੋਈ ਜੰਗਬੰਦੀ ਨਹੀਂ ਹੋਈ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਕੇ ਮੋਦੀ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ। ਮੋਦੀ ਕੋਲ ਹੋਰ ਵੀ ਬਦਲ ਹਨ, ਜਿਨ੍ਹਾਂ ਦਾ ਸੰਕੇਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤਾ ਸੀ।


author

Rakesh

Content Editor

Related News