ਕਸ਼ਮੀਰ ’ਚ ਸੈਲਾਨੀਆਂ ਦੀ ਗਿਣਤੀ ’ਚ ਵੱਡਾ ਉਛਾਲ, ਕੈਮਰੇ ’ਚ ਕੈਦ ਕਰ ਰਹੇ ਨੇ ਖੂਬਸੂਰਤ ਯਾਦਾਂ

04/27/2022 5:30:47 PM

ਸ਼੍ਰੀਨਗਰ- ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਵੱਡੀ ਗਿਣਤੀ ’ਚ ਸੈਲਾਨੀ ਇਸ ਦੀ ਖੂਬਸੂਰਤੀ ਨੂੰ ਵੇਖਣ ਲਈ ਜਾਂਦੇ ਹਨ। ਬਸ ਇੰਨਾ ਹੀ ਨਹੀਂ ਇੱਥੇ ਆਉਣ ਵਾਲੇ ਸੈਲਾਨੀ ਰਿਵਾਇਤੀ ਕਸ਼ਮੀਰੀ ਪੋਸ਼ਾਕ ’ਚ ਤਸਵੀਰਾਂ ਨੂੰ ਆਪਣੇ ਕੈਮਰੇ ’ਚ ਕੈਦ ਕਰਦੇ ਹਨ। ਡਲ ਝੀਲ ’ਚ ਕਿਸ਼ਤੀ ਦੀ ਸੈਰ ਦਾ ਨਜ਼ਾਰਾ ਵੱਖਰਾ ਹੀ ਹੈ। ਕਸ਼ਮੀਰ ਘਾਟੀ ’ਚ ਸੈਲਾਨੀਆਂ ਦੀ ਵੱਡੀ ਭੀੜ ਵੇਖੀ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਪਿਛਲੇ 10 ਸਾਲਾਂ ’ਚ ਕਸ਼ਮੀਰ ’ਚ ਸੈਲਾਨੀਆਂ ਦੀ ਗਿਣਤੀ ’ਚ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ।

PunjabKesari

ਡਲ ਝੀਲ ’ਤੇ ਸ਼ਿਕਾਰਾ ’ਤੇ ਚੜ੍ਹਨ ਦੀ ਉਡੀਕ ਕਰਨਾ, ਖਚਾਖਚ ਭਰੇ ਰੈਸਟੋਰੈਂਟ, ਪੂਰੀ ਤਰ੍ਹਾਂ ਨਾਲ ਬੁਕ ਕੀਤੇ ਗਏ ਹੋਟਲਾਂ ’ਚ ਸੈਲਾਨੀਆਂ ਦੀ ਵੱਡੀ ਭੀੜ ਕਸ਼ਮੀਰ ਘਾਟੀ ’ਚ ਵੇਖੀ ਜਾ ਰਹੀ ਹੈ। ਸੁਰੱਖਿਆ ਸਥਿਤੀ ਬਾਰੇ ਸ਼ੰਕਾਵਾਂ ਦੇ ਬਾਵਜੂਦ ਕਈ ਸੈਲਾਨੀਆਂ ਲਈ ਕਸ਼ਮੀਰ ਘਾਟੀ ਦੀ ਉਨ੍ਹਾਂ ਦੀ ਪਹਿਲੀ ਯਾਤਰਾ ਇਕ ਸੁਫ਼ਨੇ ਦੇ ਸੱਚ ਹੋਣ ਵਾਂਗ ਹੈ। ਇਹ ਸੈਲਾਨੀ ਦੇਸ਼ ਭਰ ਤੋਂ ਆਪਣੇ ਪਰਿਵਾਰਾਂ ਨਾਲ ਕਸ਼ਮੀਰ ਘਾਟੀ ਆਏ ਹਨ। ਮੁੰਬਈ ਤੋਂ ਪ੍ਰਵੀਨਾ ਦਰਸ਼ਨ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਕਸ਼ਮੀਰ ਜਾਣਾ ਚਾਹੁੰਦੀ ਸੀ ਅਤੇ ਆਖ਼ਰਕਾਰ ਅਸੀਂ ਅਜਿਹਾ ਕਰਨ ਦਾ ਸਾਹਸ ਕੀਤਾ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਫ਼ੈਸਲਾ ਸੀ। ਕਸ਼ਮੀਰ ਧਰਤੀ ਦਾ ਸਵਰਗ ਹੈ। ਇਸ ਤੋਂ ਇਲਾਵਾ ਚਾਰੋਂ ਪਾਸੇ ਇੰਨੀ ਸੁਰੱਖਿਆ ਬਹੁਤ ਭਰੋਸਾ ਕਰਨ ਵਾਲੀ ਹੈ। ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। 

PunjabKesari

ਓਧਰ ਜੰਮੂ-ਕਸ਼ਮੀਰ ਸੈਰ-ਸਪਾਟਾ ਵਿਭਾਗ ਕੋਲ ਉਪਲੱਬਧ ਅੰਕੜਿਆਂ ਮੁਤਾਬਕ ਪਿਛਲੇ 3 ਮਹੀਨਿਆਂ ’ਚ 3.5 ਲੱਖ ਤੋਂ ਵਧੇਰੇ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ। ਆਉਣ ਵਾਲੇ ਮਹੀਨਿਆਂ ’ਚ ਇਹ ਗਿਣਤੀ ਹੋਰ ਵੱਧਣ ਦੀ ਉਮੀਦ ਹੈ। 2021 ’ਚ ਦੇਸ਼ ਭਰ ਤੋਂ 6.6 ਲੱਖ ਸੈਲਾਨੀਆਂ ਨੇ ਘਾਟੀ ਦਾ ਦੌਰਾ ਕੀਤਾ, ਜੋ 2020 ’ਚ 41,000 ਤੋਂ ਕਾਫੀ ਵੱਧ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ’ਚ 2019 ’ਚ ਧਾਰਾ-370 ਨੂੰ ਖਤਮ ਕਰਨ ਮਗਰੋਂ ਸੈਲਾਨੀਆਂ ਦੀ ਗਿਣਤੀ ’ਚ ਕਾਫੀ ਗਿਰਾਵਟ ਵੇਖੀ ਜਾ ਰਹੀ ਹੈ। ਕੋਵਿਡ ਪਾਬੰਦੀਆਂ ਕਾਰਨ ਕਸ਼ਮੀਰ ’ਚ ਸੈਰ-ਸਪਾਟਾ ਉਦਯੋਗ ਨੂੰ ਇਕ ਵੱਡਾ ਝਟਕਾ ਦਿੱਤਾ ਸੀ।
 


Tanu

Content Editor

Related News