ਕਾਂਗਰਸ ਉਮੀਦਵਾਰ ਲਵਲੀ ਨੇ ਪੂਰਬੀ ਦਿੱਲੀ ਲਈ ਜਾਰੀ ਕੀਤਾ ''ਮੈਨੀਫੈਸਟੋ''
Wednesday, May 08, 2019 - 04:29 PM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਨੇ ਪੂਰਬੀ ਦਿੱਲੀ ਚੋਣ ਖੇਤਰ ਲਈ ਬੁੱਧਵਾਰ ਨੂੰ ਮੈਨੀਫੈਸਟੋ ਜਾਰੀ ਕੀਤਾ ਹੈ। ਮੈਨੀਫੈਸਟੋ ਜਾਰੀ ਕਰਦੇ ਹੋਏ ਕਿਹਾ ਕਿ ਉਹ ਪਾਣੀ ਦੀ ਕਮੀ, ਪ੍ਰਦੂਸ਼ਣ, ਬੇਰੋਜ਼ਗਾਰੀ ਅਤੇ ਮਲਬੇ ਦੇ ਢੇਰ ਵਰਗੇ ਬੁਨਿਆਦੀ ਮੁੱਦਿਆਂ 'ਤੇ ਕੰਮ ਕਰਨਗੇ, ਜਿਸ ਨੂੰ ਭਾਜਪਾ ਅਤੇ 'ਆਪ' ਨੇ ਨਜ਼ਰ ਅੰਦਾਜ ਕੀਤਾ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਲਵਲੀ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਟਵਿੱਟਰ ਵਾਲਿਆਂ ਵਿਰੁੱਧ ਹੈ, ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਲੋਕ ਚੋਣ ਖੇਤਰ ਦੇ ਲੋਕਾਂ ਦੇ ਮੂਲ ਮੁੱਦਿਆਂ ਨੂੰ ਨਹੀਂ ਜਾਣਦੇ ਹਨ।
ਲਵਲੀ ਨੇ ਕਿਹਾ ਕਿ ਉਹ ਚੋਣ ਖੇਤਰ ਦੇ ਹਰ ਹਿੱਸੇ ਵਿਚ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ''ਮੈਂ ਜਨਤਾ ਦਾ ਆਦਮੀ ਹਾਂ। ਮੈਂ ਇਸ ਚੋਣ ਖੇਤਰ ਦੀਆਂ ਸਮੱਸਿਆਵਾਂ ਨੂੰ ਅੰਦਰ ਤੋਂ ਜਾਣਦਾ ਹਾਂ ਅਤੇ ਲੋਕ ਮੈਨੂੰ ਜਾਣਦੇ ਹਨ। ਲਵਲੀ ਦੇ ਮੁਕਾਬਲੇਬਾਜ਼ ਭਾਜਪਾ ਦੇ ਗੌਤਮ ਗੰਭੀਰ ਅਤੇ 'ਆਪ' ਦੀ ਆਤਿਸ਼ੀ ਟਵਿੱਟਰ 'ਤੇ ਸਰਗਰਮ ਰਹਿੰਦੇ ਹਨ। ਮੈਨੀਫੈਸਟੋ ਵਿਚ ਲਵਲੀ ਨੇ ਵਾਅਦਾ ਕੀਤਾ ਕਿ ਪੂਰਬੀ ਦਿੱਲੀ ਵਿਚ ਹਰ ਇਕ ਘਰ ਨੂੰ ਪੀਣ ਵਾਲਾ ਸਾਫ ਪਾਣੀ, ਨੌਜਵਾਨਾਂ ਨੂੰ ਰੋਜ਼ਗਾਰ, ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ 33 ਫੀਸਦੀ ਰਿਜ਼ਰਵੇਸ਼ਨ, ਪ੍ਰਦੂਸ਼ਣ ਰੋਕਣ ਦੇ ਉਪਾਅ, ਸਿਹਤ ਅਤੇ ਸਿੱਖਿਆ ਲਈ ਬਜਟ ਵਧਾਉਣ ਅਤੇ ਗਰੀਬਾਂ ਲਈ ਪੱਕੇ ਮਕਾਨ ਵਰਗੀਆਂ ਵਿਵਸਥਾ ਕਰਾਂਗੇ।