ਸਕੂਲਾਂ ਨੂੰ ਲੈ ਕੇ PM ਮੋਦੀ ਦੇ ਫ਼ੈਸਲੇ ਦੀ ਕੇਜਰੀਵਾਲ ਨੇ ਕੀਤਾ ਸ਼ਲਾਘਾ, ਨਾਲ ਹੀ ਰੱਖ ਦਿੱਤੀ ਇਹ ਮੰਗ
Wednesday, Sep 07, 2022 - 11:37 AM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ 14,500 ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਐਲਾਨ ਨੂੰ ਚੰਗਾ ਦੱਸਿਆ ਅਤੇ ਨਾਲ ਹੀ ਸਾਰੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਟਵਿੱਟਰ ’ਤੇ ਇਸ ਚਿੱਠੀ ਨੂੰ ਸਾਂਝਾ ਕਰਦੇ ਹੋਏ ਲਿਖਿਆ, ‘‘ਪ੍ਰਧਾਨ ਮੰਤਰੀ ਜੀ ਨੂੰ ਮੇਰੀ ਚਿੱਠੀ। ਉਨ੍ਹਾਂ ਨੇ 14,500 ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ, ਬਹੁਤ ਚੰਗਾ ਪਰ ਦੇਸ਼ ’ਚ 10 ਲੱਖ ਸਰਕਾਰੀ ਸਕੂਲ ਹਨ। ਇਸ ਤਰ੍ਹਾਂ ਤਾਂ ਸਾਰੇ ਸਕੂਲਾਂ ਨੂੰ ਠੀਕ ਕਰਨ ’ਚ 100 ਸਾਲ ਤੋਂ ਜ਼ਿਆਦਾ ਸਮਾਂ ਲੱਗ ਜਾਵੇਗਾ। ਤੁਹਾਨੂੰ ਬੇਨਤੀ ਹੈ ਕਿ ਸਾਰੇ 10 ਲੱਖ ਸਕੂਲਾਂ ਨੂੰ ਇਕੱਠੇ ਠੀਕ ਕਰਨ ਦੀ ਯੋਜਨਾ ਬਣਾਈ ਜਾਵੇ।’’
ਇਹ ਵੀ ਪੜ੍ਹੋ- ਮੁੜ ਚਰਚਾ 'ਚ SYL ਮਾਮਲਾ, ਕੇਂਦਰ ਨੇ SC ’ਚ ਕਿਹਾ- ਪੰਜਾਬ ਨਹੀਂ ਕਰ ਰਿਹਾ ਸਹਿਯੋਗ
PM ਮੋਦੀ ਦੀ ਤਾਰੀਫ਼ ਦੇ ਨਾਲ ਕੇਜਰੀਵਾਲ ਨੇ ਆਖੀ ਇਹ ਗੱਲ
ਚਿੱਠੀ ’ਚ ਕੇਜਰੀਵਾਲ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫ਼ੈਸਲੇ ਦੀ ਤਾਰੀਫ਼ ਕਰਦਾ ਹਾਂ। ਕੇਂਦਰ ਸਰਕਾਰ ਨੇ ਦੇਸ਼ ਭਰ ਦੇ 14,500 ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾਈ ਹੈ। ਇਹ ਬਹੁਤ ਚੰਗੀ ਗੱਲ ਹੈ। ਪੂਰੇ ਦੇਸ਼ ’ਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੈ। ਉਨ੍ਹਾਂ ਨੂੰ ਅਪਗ੍ਰੇਡ ਅਤੇ ਆਧੁਨਿਕ ਬਣਾਉਣ ਦੀ ਲੋੜ ਹੈ। ਕੇਜਰੀਵਾਲ ਨੇ ਅੱਗੇ ਲਿਖਿਆ ਕਿ ਦੇਸ਼ ਭਰ ’ਚ ਰੋਜ਼ਾਨਾ 27 ਕਰੋੜ ਬੱਚੇ ਸਕੂਲ ਜਾਂਦੇ ਹਨ। ਇਨ੍ਹਾਂ ’ਚ ਲੱਗਭਗ 18 ਕਰੋੜ ਬੱਚੇ ਸਰਕਾਰੀ ਸਕੂਲਾਂ ’ਚ ਜਾਂਦੇ ਹਨ। 80 ਫ਼ੀਸਦੀ ਤੋਂ ਜ਼ਿਆਦਾ ਸਕੂਲਾਂ ਦੀ ਹਾਲਤ ਕਿਸੇ ਕਬਾੜਖਾਨੇ ਤੋਂ ਵੀ ਜ਼ਿਆਦਾ ਖਰਾਬ ਹੈ। ਜੇਕਰ ਕਰੋੜਾਂ ਬੱਚਿਆਂ ਨੂੰ ਅਸੀਂ ਅਜਿਹੀ ਸਿੱਖਿਆ ਦੇ ਰਹੇ ਹਾਂ ਤਾ ਸੋਚੋ ਭਾਰਤ ਕਿਵੇਂ ਵਿਕਸਿਤ ਦੇਸ਼ ਬਣੇਗਾ?
ਇਹ ਵੀ ਪੜ੍ਹੋ- CM ਕੇਜਰੀਵਾਲ ਅਤੇ ਭਗਵੰਤ ਮਾਨ ਭਲਕੇ ਤੋਂ ਦੋ ਦਿਨਾਂ ਹਰਿਆਣਾ ਦੌਰੇ ’ਤੇ, ਜਨਤਾ ਦੀ ਟਟੋਲਣਗੇ ਨਬਜ਼
ਆਜ਼ਾਦੀ ਤੋਂ ਬਾਅਦ ਹੋਈ ਗਲਤੀ- ਕੇਜਰੀਵਾਲ
ਆਜ਼ਾਦੀ ਤੋਂ ਬਾਅਦ 75 ਸਾਲਾਂ ’ਚ ਸਿੱਖਿਆ ’ਤੇ ਸਹੀ ਧਿਆਨ ਨਾ ਦਿੱਤੇ ਜਾਣ ਦੀ ਗੱਲ ਆਖਦੇ ਹੋਏ ਕੇਜਰੀਵਾਲ ਨੇ ਲਿਖਿਆ, ‘‘1947 ’ਚ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ। ਦੇਸ਼ ਆਜ਼ਾਦ ਹੁੰਦੇ ਹੀ ਸਭ ਤੋਂ ਪਹਿਲਾਂ ਸਾਨੂੰ ਭਾਰਤ ਦੇ ਹਰ ਪਿੰਡ ਅਤੇ ਹਰ ਮੁਹੱਲੇ ’ਚ ਸ਼ਾਨਦਾਰ ਸਰਕਾਰੀ ਸਕੂਲ ਖੋਲ੍ਹਣੇ ਚਾਹੀਦੇ ਸਨ। ਕੋਈ ਵੀ ਦੇਸ਼ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੇ ਬਿਨਾਂ ਤਰੱਕੀ ਨਹੀਂ ਕਰ ਸਕਦਾ। 1947 ’ਚ ਅਸੀਂ ਅਜਿਹਾ ਨਹੀਂ ਕੀਤਾ। ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਅਗਲੇ 75 ਸਾਲਾਂ ਵੀ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ’ਤੇ ਧਿਆਨ ਨਹੀਂ ਦਿੱਤਾ। ਕੀ ਭਾਰਤ ਹੁਣ ਹੋਰ ਸਮਾਂ ਬਰਬਾਦ ਕਰ ਸਕਦਾ ਹੈ?
ਇਹ ਵੀ ਪੜ੍ਹੋ- SYL ਨਹਿਰ ’ਤੇ ਹਰਿਆਣਾ ਦਾ ਹੱਕ, ਇਸ ਨੂੰ ਲੈ ਕੇ ਰਹਾਂਗੇ: CM ਮਨੋਹਰ ਲਾਲ
ਐਲਾਨ ਚੰਗਾ ਪਰ ਕਾਫੀ ਨਹੀਂ-
ਕੇਜਰੀਵਾਲ ਨੇ ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਨੂੰ ਚੰਗਾ ਦੱਸਿਆ ਤਾਂ ਇਹ ਵੀ ਕਿਹਾ ਕਿ ਇੰਨਾ ਕਰਨਾ ਹੀ ਕਾਫੀ ਨਹੀਂ ਹੈ। ਤੁਸੀਂ ਸਿਰਫ 14,500 ਸਰਕਾਰੀ ਸਕੂਲਾਂ ਨੂੰ ਠੀਕ ਕਰਨ ਦੀ ਯੋਜਨਾ ਬਣਾਈ ਹੈ। ਦੇਸ਼ ਭਰ ’ਚ 10 ਲੱਖ ਤੋਂ ਜ਼ਿਆਦਾ ਸਕੂਲ ਹਨ। ਤਾਂ ਕੀ ਅਗਲੇ 100 ਸਾਲ ਵੀ ਅਸੀਂ ਦੂਜੇ ਦੇਸ਼ਾਂ ਤੋਂ ਪਿੱਛੇ ਰਹਿ ਜਾਵਾਂਗੇ? ਦੇਸ਼ ਦੇ ਹਰ ਸਰਕਾਰੀ ਸਕੂਲ ਵਿਚ ਸ਼ਾਨਦਾਰ ਸਿੱਖਿਆ ਵਿਵਸਥਾ ਦੇ ਬਿਨਾਂ ਸਾਡਾ ਦੇਸ਼ ਵਿਕਸਿਤ ਦੇਸ਼ ਨਹੀਂ ਬਣ ਸਕਦਾ। ਇਸ ਲਈ ਸਾਰੀਆਂ ਸੂਬਾਈ ਸਰਕਾਰਾਂ ਨੂੰ ਇਕੱਠੇ ਮਿਲ ਕੇ ਅਗਲੇ 5 ਸਾਲਾਂ ’ਚ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇ। ਸਾਰਾ ਦੇਸ਼ ਇਹ ਚਾਹੁੰਦਾ ਹੈ। ਦੇਸ਼ ਦੇ 130 ਕਰੋੜ ਲੋਕ ਹੁਣ ਹੋਰ ਰੁੱਕਣ ਲਈ ਤਿਆਰ ਨਹੀਂ ਹਨ।