257 ਕਰੋੜ ਸਿਰਫ ਵਿਗਿਆਪਨ ''ਤੇ ਖਰਚ ਕਰੇਗੀ ਕੇਜਰੀਵਾਲ ਸਰਕਾਰ

Saturday, Mar 24, 2018 - 05:48 PM (IST)

ਨਵੀਂ ਦਿੱਲੀ— ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਚੌਥਾ ਬਜਟ ਇਕ ਵਾਰ ਫਿਰ ਚਰਚਾ 'ਚ ਹੈ। ਇਸ ਬਜਟ 'ਚ 'ਆਪ' ਸਰਕਾਰ ਵੱਲੋਂ ਕਈ ਯੋਜਨਾਵਾਂ ਦੇ ਐਲਾਨ ਤੋਂ ਇਲਾਵਾ ਵਿਗਿਆਪਨਾਂ ਦੇ ਖਰਚ 'ਤੇ ਵੀ ਧਨ ਉਪਲੱਬਧ ਕਰਵਾਇਆ ਗਿਆ ਹੈ। ਵਿਗਿਆਪਨਾਂ ਨੂੰ ਲੈ ਕੇ ਚਰਚਾ ਅਤੇ ਵਿਵਾਦਾਂ 'ਚ ਰਹੀ ਆਮ ਆਦਮੀ ਪਾਰਟੀ ਸਰਕਾਰ ਨੇ 2018-19 'ਚ ਸੂਚਨਾ ਅਤੇ ਪ੍ਰਚਾਰ ਲਈ 257 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਰਾਸ਼ੀ ਪਿਛਲੇ ਬਜਟ ਦੀ ਤੁਲਨਾ 'ਚ ਲਗਭਗ 29 ਫੀਸਦੀ ਵਧ ਹੈ। ਵਿਗਿਆਪਨ ਲਈ ਬਜਟ ਖਰਚ ਕਰਨ ਦੇ ਸਵਾਲ 'ਤੇ ਅਰਵਿੰਦ ਕੇਜਰੀਵਾਲ ਸਰਕਾਰ ਹਮੇਸ਼ਾ ਵਿਵਾਦਾਂ 'ਚ ਘਿਰੀ ਰਹੀ ਹੈ। ਸਾਲ 2015 'ਚ ਆਪਣੇ ਪਹਿਲੇ ਬਜਟ ਦੌਰਾਨ ਪਬਲੀਸਿਟੀ ਲਈ ਸਰਕਾਰ ਨੇ 520 ਕਰੋੜ ਦੀ ਰਾਸ਼ੀ ਬਜਟ 'ਚ ਸ਼ਾਮਲ ਕੀਤੀ ਸੀ। ਜਿਸ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ ਸੀ। ਹਾਲਾਂਕਿ ਉਸ ਦੌਰਾਨ ਸਰਕਾਰ ਨੇ ਸਫ਼ਾਈ ਦਿੰਦੇ ਹੋਏ ਦੱਸਿਆ ਸੀ ਕਿ ਇਹ ਬਜਟ ਵੱਖ-ਵੱਖ ਵਿਭਾਗਾਂ ਲਈ ਸੀ, ਜਿਸ ਨੂੰ ਇਕੱਠੇ ਜੋੜਿਆ ਗਿਆ ਸੀ। ਫਿਲਹਾਲ ਆਮ ਆਦਮੀ ਪਾਰਟੀ ਸਰਕਾਰ ਨੇ ਵਿੱਤ ਸਾਲ 2018-19 ਲਈ ਕੁੱਲ 53 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਮਨੀਸ਼ ਸਿਸੌਦੀਆ ਨੇ ਆਪਣੇ ਚੌਥੇ ਬਜਟ 'ਚ ਵਾਤਾਵਰਣ ਦਾ ਬਹੁਤ ਧਿਆਨ ਦਿੱਤਾ ਅਤੇ ਇਸ ਨੂੰ ਗਰੀਨ ਬਜਟ ਵੀ ਕਿਹਾ ਜਾ ਰਿਹਾ ਹੈ। ਬਜਟ 'ਚ ਵਾਤਾਵਰਣ ਪੱਧਰ ਨੂੰ ਸੁਧਾਰਨ ਦੇ ਨਾਲ-ਨਾਲ ਸਿਹਤ, ਆਵਾਜਾਈ ਅਤੇ ਸਿੱਖਿਆ ਸਮੇਤ ਕਈ ਖੇਤਰਾਂ 'ਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।PunjabKesari
ਆਰ.ਟੀ.ਆਈ. ਤੋਂ ਹੈਰਾਨ ਕਰਨ ਵਾਲੇ ਖੁਲਾਸੇ
ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ ਤਿੰਨਾਂ ਸਾਲਾਂ 'ਚ ਵਿਗਿਆਪਨ 'ਚ ਸਾਲਾਨਾ ਆਧਾਰ 'ਤੇ ਔਸਤ 70.5 ਕਰੋੜ ਰੁਪਏ ਖਰਚ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਵੱਲੋਂ ਪ੍ਰਿੰਟ, ਮੀਡੀਆ ਅਤੇ ਬਾਹਰੀ ਵਿਗਿਆਪਨ 'ਤੇ ਕੀਤੇ ਗਏ ਖਰਚ ਦਾ ਚਾਰ ਗੁਣਾ ਵਧ ਹੈ। ਇਹ ਜਾਣਕਾਰੀ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਦੇ ਅਧੀਨ ਆਏ ਜਵਾਬ 'ਚ ਮਿਲੀ ਹੈ। ਆਈ.ਏ.ਐੱਨ.ਐੱਸ. ਵੱਲੋਂ ਦਾਖਲ ਆਰ.ਟੀ.ਆਈ. ਦੇ ਜਵਾਬ 'ਚ ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ (ਡੀ.ਆਈ.ਪੀ.) ਨੇ ਦੱਸਿਆ,''ਮੌਜੂਦਾ ਸਰਕਾਰ ਨੇ ਫਰਵਰੀ 2015 'ਚ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਉਸ ਸਾਲ ਵਿਗਿਆਪਨ 'ਚ 59.9 ਕਰੋੜ ਰੁਪਏ, ਅਗਲੇ ਸਾਲ 'ਚ 66.3 ਕਰੋੜ ਰੁਪਏ ਅਤੇ 31 ਦਸੰਬਰ 2017 ਤੱਕ 85.3 ਕਰੋੜ ਰੁਪਏ ਖਰਚ ਕੀਤੇ।'' 'ਆਪ' ਸਰਕਾਰ ਵੱਲੋਂ ਅਪ੍ਰੈਲ 2015 ਤੋਂ ਦਸੰਬਰ 2017 ਤੱਕ ਕੀਤਾ ਗਿਆ ਔਸਤ ਖਰਚ 70.5 ਕਰੋੜ ਰੁਪਏ ਹੈ। ਕਾਂਗਰਸ ਨੇ ਆਪਣੇ ਸ਼ਾਸਨ (2008-2013) ਤੱਕ 5 ਸਾਲਾਂ 'ਚ ਔਸਤ 17.4 ਕਰੋੜ ਰੁਪਏ ਖਰਚ ਕੀਤੇ।
ਕਾਂਗਰਸ ਦੀ ਤੁਲਨਾ 'ਚ 300 ਫੀਸਦੀ ਵਧ
ਕਾਂਗਰਸ ਸਰਕਾਰ ਦੀ ਤੁਲਨਾ 'ਚ 'ਆਪ' ਸਰਕਾਰ ਨੇ ਵਿਗਿਆਪਨਾਂ 'ਤੇ 300 ਫੀਸਦੀ ਵਧ ਖਰਚ ਕਰ ਦਿੱਤਾ ਹੈ। ਕੰਟਰੋਲਰ ਅਤੇ ਆਡੀਟਰ ਜਨਰਲ (ਸੀ.ਏ.ਜੀ.) ਦੀ 2017 ਦੀ ਰਿਪੋਰਟ ਅਨੁਸਾਰ, ਦਿੱਲੀ ਦੀ 'ਆਪ' ਸਰਕਾਰ ਨੇ ਇਕ ਸਾਲ ਪੂਰੇ ਹੋਣ 'ਤੇ ਸਾਲ 2016 'ਚ ਆਪਣੇ ਮੀਡੀਆ ਕੈਂਪੇਨ ਲਈ ਵੰਡੀ ਗਈ ਰਾਸ਼ੀ ਦਾ 86 ਫੀਸਦੀ ਖਰਚ ਕੀਤਾ। ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆ ਗਈ ਸੀ, ਜਦੋਂ ਸਾਬਕਾ ਉੱਪ ਰਾਜਪਾਲ ਅਨਿਲ ਬੈਜਲ ਨੇ 'ਆਪ' ਤੋਂ ਸਰਕਾਰ ਦੇ ਬਦਲੇ ਪਾਰਟੀ ਦਾ ਪ੍ਰਚਾਰ ਕਰਨ 'ਤੇ 97 ਕਰੋੜ ਰੁਪਏ ਵਸੂਲਣ ਦੇ ਆਦੇਸ਼ ਦਿੱਤੇ ਸਨ। ਉੱਪ ਰਾਜਪਾਲ ਦਾ ਇਹ ਆਦੇਸ਼ ਦਿ ਕਮੇਟੀ ਆਨ ਕੰਟੈਂਟ ਰੈਗੂਲੇਸ਼ਨ ਆਫ ਗਵਰਨਮੈਂਟ ਐਡਵਰਟਾਈਜਿੰਗ (ਸੀ.ਸੀ.ਆਰ.ਜੀ.ਏ.) ਦੀ ਰਿਪੋਰਟ ਦੇ ਆਧਾਰ 'ਤੇ ਦਿੱਤਾ ਸੀ।


Related News