ਇਸਰੋ ਵਿਗਿਆਨੀਆਂ ਦਾ ਕੇਜਰੀਵਾਲ ਨੇ ਵਧਾਇਆ ਹੌਸਲਾ
Saturday, Sep 07, 2019 - 12:26 PM (IST)

ਨਵੀਂ ਦਿੱਲੀ (ਵਾਰਤਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਚੰਦਰਯਾਨ-2 ਮਿਸ਼ਨ ਦੇ ਆਖਰੀ ਪਲਾਂ 'ਚ ਵਿਕ੍ਰਮ ਲੈਂਡਰ ਤੋਂ ਸੰਪਰਕ ਟੁੱਟ ਜਾਣ 'ਤੇ ਇਸਰੋ ਵਿਗਿਆਨੀਆਂ ਦਾ ਹੌਸਲਾ ਵਧਾਇਆ। ਕੇਜਰੀਵਾਲ ਨੇ ਕਿਹਾ ਕਿ ਵਿਗਿਆਨੀਆਂ ਨੇ ਇਕ ਬਿਹਤਰੀਨ ਕੰਮ ਕੀਤਾ ਹੈ।
ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ, ''ਸਾਨੂੰ ਆਪਣੇ ਵਿਗਿਆਨੀਆਂ 'ਤੇ ਮਾਣ ਹੈ। ਉਨ੍ਹਾਂ ਨੇ ਇਤਿਹਾਸ ਰਚਿਆ ਹੈ। ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਸਾਡੇ ਵਿਗਿਆਨੀਆਂ ਨੇ ਬਿਹਤਰੀਨ ਕੰਮ ਕੀਤਾ ਹੈ। ਜੈ ਹਿੰਦ।'' ਓਧਰ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ। ਅੱਜ ਤੁਸੀਂ ਚੰਦ 'ਚ ਦਸਤਕ ਦਿੱਤੀ ਹੈ ਅਤੇ ਕੱਲ ਤੁਸੀਂ ਇਸ ਨੂੰ ਜ਼ਮੀਨ 'ਤੇ ਉਤਾਰੋਗੇ। ਜ਼ਿਕਰਯੋਗ ਹੈ ਕਿ ਚੰਦਰਮਾ ਦੀ ਸਤਿਹ ਤੋਂ 2.1 ਕਿਲੋਮੀਟਰ ਦੀ ਦੂਰੀ ਤਕ ਮਿਸ਼ਨ ਆਮ ਸੀ ਪਰ ਇਸ ਤੋਂ ਬਾਅਦ ਆਖਰੀ ਪਲਾਂ 'ਚ ਧਰਤੀ 'ਤੇ ਸਥਿਤ ਕੇਂਦਰ ਤੋਂ ਲੈਂਡਰ ਦਾ ਅਚਾਨਕ ਸੰਪਰਕ ਟੁੱਟ ਗਿਆ।