''ਆਪ'' ਨੇਤਾਵਾਂ ਖਿਲਾਫ ਸਾਰੇ ਮਾਮਲੇ ਝੂਠੇ, ਆਪਣਾ ਸਮਾਂ ਬਰਬਾਦ ਕਰ ਰਹੀਆਂ ਏਜੰਸੀਆਂ : ਕੇਜਰੀਵਾਲ
Thursday, Oct 05, 2023 - 08:30 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਦਰਜ ਕੀਤੇ ਗਏ ਸਾਰੇ ਮਾਮਲੇ ਝੂਠੇ ਹਨ ਅਤੇ ਦਾਅਵਾ ਕੀਤਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨਾ ਕੇਂਦਰ ਅਤੇ ਉਸ ਦੀਆਂ ਏਜੰਸੀਾਂ ਦੇ ਸਮੇਂ ਦੀ ਬਰਬਾਦੀ ਹੈ। ਆਬਕਾਰੀ ਨੀਤੀ ਮਾਮਲੇ 'ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ ਦੀਆਂ ਟਿਪਣੀਆਂ ਨੂੰ ਲੈਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਅਦਾਲਤ ਨੇ ਸਵਾਲ ਪੁੱਛੇ, ਉਸ ਤੋਂ ਲੱਗ ਰਿਹਾ ਹੈ ਕਿ ਉਨ੍ਹਾਂ ਨੇ (ਏਜੰਸੀਆਂ ਨੇ) ਇਕ ਤਰ੍ਹਾਂ ਨਾਲ ਸਾਡੇ ਖਿਲਾਫ ਗਲਤ ਮਾਮਲਾ ਦਰਜ ਕੀਤਾ ਹੈ।
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਕਥਿਤ ਲਾਭਪਾਰਥੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ 'ਚ ਦੋਸ਼ੀ ਨਹੀਂ ਬਣਾਏ ਜਾਣ ਨੂੰ ਲੈ ਕੇ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਸਿਰਫ ਇਕ 'ਕਾਨੂੰਨੀ ਸਵਾਲ' ਪੁੱਛ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਏਜੰਸੀਆਂ ਨੇ ਇੰਨੇ ਸਾਰੇ ਮਾਮਲੇ ਦਰਜ ਕੀਤੇ ਪਰ ਉਨ੍ਹਾਂ ਦੀ ਜਾਂਚ ਤੋਂ ਬਾਅਦ ਕੁਝ ਨਹੀਂ ਨਿਕਲਿਆ।
ਕੇਜਰੀਵਾਲ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਸਾਰੇ ਮਾਮਲੇ ਝੂਠੇ ਹਨ। ਏਜੰਸੀਆਂ ਜਾਂਚ ਕਰਦੀਆਂ ਰਹਿੰਦੀਆਂ ਹਨ ਪਰ ਜਾਂਚ 'ਚੋਂ ਕੁਝ ਨਹੀਂ ਨਿਕਲਦਾ। ਇਹ ਸਮੇਂ ਦੀ ਬਰਬਾਦੀ ਹੈ। ਜਿਸ ਤਰ੍ਹਾਂ ਸੁਪਰੀਮ ਕੋਰਟ ਅੱਜ (ਮਨੀਸ਼ ਸਿਸੋਦੀਆ ਮਾਮਲੇ ਦੇ ਸੰਬੰਧ 'ਚ) ਸਵਾਲ ਪੁੱਛ ਰਹੀ ਸੀ, ਉਸ ਤੋਂ ਪਤਾ ਚਲਦਾ ਹੈ ਕਿ ਇਹ ਇਕ ਝੂਠਾ ਮਾਮਲਾ ਸੀ। ਉਨ੍ਹਾਂ ਕਿਹਾ ਕਿ ਫਰਜ਼ੀ ਮਾਮਲਿਆਂ ਦੀ ਜਾਂਚ ਨਾਲ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਦਾ ਸਮਾਂ ਬਰਬਾਦ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ। ਕਿਸੇ ਨੂੰ ਵੀ ਫਰਜ਼ੀ ਮਾਮਲਿਆਂ 'ਚ ਫਸਾਉਣ ਨਾਲ ਦੇਸ਼ ਦੀ ਤਰੱਕੀ 'ਚ ਮਦਦ ਨਹੀਂ ਮਿਲੇਗੀ।
ਦੱਸ ਦੇਈਏ ਕਿ ਬੁੱਧਵਾਰ ਨੂੰ ਮਨੀਸ਼ ਸਿਸੋਦੀਆ ਦੀ ਜ਼ਮਾਨਤ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਈਡੀ ਤੋਂ ਪੁੱਛਿਆ ਸੀ ਕਿ ਦਿੱਲੀ ਆਬਕਾਰੀ ਨੀਤੀ ਦੇ ਕਥਿਤ ਲਾਭਪਾਤਰੀ ਹੋਣ ਦੇ ਬਾਵਜੂਦ ਇਕ ਸਿਆਸੀ ਪਾਰਟੀ 'ਆਮ ਆਦਮੀ ਪਾਰਟੀ' (ਆਪ) ਨੂੰ ਦੋਸ਼ੀ ਕਿਉਂ ਨਹੀਂ ਬਣਾਇਆ ਗਿਆ। ਸਿਖਰਲੀ ਅਦਾਲਤ ਨੇ ਈਡੀ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਕਥਿਤ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 'ਆਪ' ਨੂੰ ਮੁਲਜ਼ਮ ਕਿਉਂ ਨਹੀਂ ਬਣਾਇਆ ਗਿਆ।