ਕੇਜਰੀਵਾਲ ਨੇ ਕੇਂਦਰ ਦਾ ਕੀਤਾ ਧੰਨਵਾਦ, 'ਕੋਰੋਨਾ' ਨਾਲ ਲੜਨ ਲਈ ਗਿਣਵਾਏ 5 ਹਥਿਆਰ
Saturday, Jun 27, 2020 - 02:04 PM (IST)
ਨਵੀਂ ਦਿੱਲੀ— ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਭਾਵ ਅੱਜ ਕੇਂਦਰ ਦੀ ਪ੍ਰਸ਼ੰਸਾ ਕੀਤੀ ਅਤੇ ਧੰਨਵਾਦ ਕੀਤਾ। ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ 'ਚ ਕੇਂਦਰ ਨੇ ਸਾਨੂੰ ਹੱਥ ਫੜ ਕੇ ਚੱਲਣਾ ਸਿਖਾਇਆ ਹੈ। ਕੇਜਰੀਵਾਲ ਨੇ ਅੱਜ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਆਖੀ।
ਦੱਸ ਦੇਈਏ ਕਿ ਦਿੱਲੀ ਵਿਚ ਕੋਰੋਨਾ ਦੇ ਭਿਆਨਕ ਰੂਪ ਧਾਰਨ ਕਰਨ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਮਾਨ ਸੰਭਾਲੀ ਅਤੇ ਕਈ ਬੈਠਕਾਂ ਕਰ ਕੇ ਤਾਬੜਤੋੜ ਫੈਸਲੇ ਕੀਤੇ। ਕੇਜਰੀਵਾਲ ਨੇ ਕਿਹਾ ਕਿ ਜਾਂਚ ਵਧਾਉਣ ਲਈ ਕੇਂਦਰ ਨੇ ਪਹਿਲਾਂ ਜਾਂਚ ਕਿੱਟ ਮੁਹੱਈਆ ਕਰਵਾਈ ਅਤੇ ਹੁਣ ਉਨ੍ਹਾਂ ਦੀ ਸਰਕਾਰ ਨੇ ਵੀ 6 ਲੱਖ ਜਾਂਚ ਕਿੱਟਾਂ ਖਰੀਦ ਲਈਆਂ ਹਨ। ਮੁੱਖ ਮੰਤਰੀ ਨੇ ਕੋਰੋਨਾ ਸਬੰਧੀ ਦਿੱਲੀ ਦੀ ਲੜਾਈ ਨੂੰ ਲੈ ਕੇ ਸ਼ੁਰੂ ਤੋਂ ਹੁਣ ਤੱਕ ਜੋ-ਜੋ ਕੀਤਾ, ਉਸ ਬਾਰੇ ਵਿਸਤਾਰ ਸਹਿਤ ਦੱਸਿਆ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਲੱਗਭਗ ਮਾਰਚ ਦੇ ਮਹੀਨੇ ਵਿਚ ਸ਼ੁਰੂ ਹੋਈ। ਮਾਰਚ ਮਹੀਨੇ 'ਚ ਪੂਰੀ ਦੁਨੀਆ ਤੋਂ ਕੋਰੋਨਾ ਦਿੱਲੀ ਆਇਆ।
ਕੇਂਦਰ ਨੇ ਸਹੀ ਫੈਸਲੇ ਲੈਂਦੇ ਹੋਏ ਸਾਰੇ ਬਾਹਰੀ ਲੋਕਾਂ ਨੂੰ ਜਹਾਜ਼ਾਂ ਜ਼ਰੀਏ ਉਨ੍ਹਾਂ ਦੇ ਦੇਸ਼ ਭੇਜਣ ਦਾ ਇੰਤਜ਼ਾਮ ਕੀਤਾ। ਮਾਰਚ ਮਹੀਨੇ ਵਿਚ ਵਿਦੇਸ਼ ਤੋਂ 35,000 ਲੋਕ ਦਿੱਲੀ ਆਏ। ਹਵਾਈ ਅੱਡੇ 'ਤੇ ਇਨ੍ਹਾਂ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਦੇਖਦੇ ਸਨ ਕਿ ਬੁਖਾਰ ਹੈ ਕਿ ਨਹੀਂ। ਜਿਨ੍ਹਾਂ ਨੂੰ ਬੁਖਾਰ ਸੀ, ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ, ਬਾਕੀਆਂ ਨੂੰ ਘਰ ਭੇਜਿਆ ਗਿਆ। ਇਸ ਤੋਂ ਬਾਅਦ ਤਾਲਾਬੰਦੀ ਹੋਈ ਤਾਂ ਕੋਰੋਨਾ ਘੱਟ ਫੈਲਿਆ।
ਕੇਜਰੀਵਾਲ ਨੇ ਕਿਹਾ ਕਿ 15 ਮਈ ਦੇ ਨੇੜੇ-ਤੇੜੇ ਕੋਰੋਨਾ ਤੇਜ਼ੀ ਨਾਲ ਫੈਲਣ ਲੱਗਾ। ਜੂਨ ਦੇ ਮਹੀਨੇ ਵਿਚ ਉਮੀਦ ਤੋਂ ਵਧੇਰੇ ਤੇਜ਼ੀ ਨਾਲ ਕੋਰੋਨਾ ਫੈਲਿਆ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਕੋਰੋਨਾ ਵਿਰੁੱਧ ਜ਼ਬਰਦਸਤ ਯੁੱਧ ਛੇੜਿਆ ਹੋਇਆ ਹੈ। ਇਸ ਯੁੱਧ ਵਿਚ ਸਾਡੇ 5 ਹਥਿਆਰ ਹਨ-
1 ਬੈੱਡਾਂ ਦੀ ਗਿਣਤੀ ਵਧਾਈ ਗਈ
2 ਆਕਸੀਜਨ ਅਤੇ ਆਕਸੀ ਮੀਟਰ ਦਿੱਤੇ ਗਏ
3 ਪਲਾਜ਼ਮਾ ਥੈਰੇਪੀ
4 ਸਰਵੇਖਣ
5 ਵੱਡੇ ਪੱਧਰ 'ਤੇ ਟੈਸਟਿੰਗ