ਅਰਵਿੰਦ ਕੇਜਰੀਵਾਲ ਨੇ ਲਾਂਚ ਕੀਤਾ ਕੋਰੋਨਾ ਐਪ, ਦੱਸੇਗਾ ਕਿਹੜੇ ਹਸਪਤਾਲ ''ਚ ਕਿੰਨੇ ਬੈੱਡ ਖਾਲੀ
Tuesday, Jun 02, 2020 - 01:42 PM (IST)

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਦੇ ਵਧਦੇ ਇਨਫੈਕਸ਼ਨ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਲੋਕਾਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਹੈ। ਮੰਗਲਵਾਰ ਨੂੰ ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਹਾਡੇ ਘਰ 'ਚ ਕਿਸੇ ਨੂੰ ਕੋਰੋਨਾ ਹੁੰਦਾ ਹੈ ਤਾਂ ਅਸੀਂ ਇੰਤਜ਼ਾਮ ਕੀਤਾ ਹੈ ਕਿ ਉਸ ਨੂੰ ਬੈੱਡ ਮਿਲੇਗਾ। ਇਸ ਲਈ ਕੇਜਰੀਵਾਲ ਨੇ ਇਕ ਐਪ ਵੀ ਲਾਂਚ ਕੀਤੀ। ਕੇਜਰੀਵਾਲ ਨੇ ਕਿਹਾ,''ਦਿੱਲੀ 'ਚ ਕੋਰਨਾ ਦੇ ਮਾਮਲੇ ਵਧ ਰਹੇ ਹਨ ਪਰ ਅਸੀਂ ਇੰਨਾ ਇੰਤਜ਼ਾਮ ਕੀਤਾ ਹੋਇਆ ਹੈ ਕਿ ਜੇਕਰ ਤੁਹਾਡੇ ਘਰ 'ਚ ਕੋਈ ਬੀਮਾਰ ਹੁੰਦਾ ਹੈ ਤਾਂ ਉਸ ਲਈ ਬੈੱਡ, ਆਕਸੀਜਨ ਅਤੇ ਆਈ.ਸੀ.ਯੂ. ਦਾ ਇੰਤਜ਼ਾਮ ਹੈ। ਅੱਜ 6 ਹਜ਼ਾਰ 731 ਬੈੱਡ ਹਨ। ਦਿੱਲੀ ਦੇ ਹਸਪਤਾਲਾਂ 'ਚ 2600 ਮਰੀਜ਼ ਹਨ ਤਾਂ ਕਰੀਬ 4100 ਬੈੱਡ ਖਾਲੀ ਪਏ ਹਨ।''
ਐਪ ਲਾਂਚ ਕਰਦੇ ਹੋਏ ਕੇਜਰੀਵਾਲ ਨੇ ਕਿਹਾ,''ਲੋਕਾਂ ਦੇ ਸਾਹਮਣੇ ਸਮੱਸਿਆ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਕਿਹੜੇ ਹਸਪਤਾਲ 'ਚ ਬੈੱਡ ਖਾਲੀ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਐਪ ਜਾਰੀ ਕਰ ਰਹੇ ਹਾਂ। ਇਹ ਐਪ ਤੁਹਾਨੂੰ ਜਾਣਕਾਰੀ ਦੇਵੇਗਾ ਕਿ ਦਿੱਲੀ ਦੇ ਕਿਹੜੇ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ 'ਚ ਕਿੰਨੇ ਬੈੱਡ ਖਾਲੀ ਹਨ।'' ਕੇਜਰੀਵਾਲ ਨੇ ਕਿਹਾ ਕਿ ਹਾਲੇ ਦਿੱਲੀ 'ਚ 302 ਵੈਂਟੀਲੇਟਰ ਹਨ, ਜਿਸ 'ਚ 92 ਅਧਿਕ੍ਰਿਤ ਹਨ, ਜਦੋਂ ਕਿ 210 ਖਾਲੀ ਹਨ। ਇਹ ਐਪ ਦਿਨ 'ਚ 2 ਵਾਰ ਅਪਡੇਟ ਕੀਤੀ ਜਾਵੇਗੀ। ਸਵੇਰੇ 10 ਵਜੇ ਅਤੇ ਸ਼ਾਮ 6 ਵਜੇ ਐਪ ਨੂੰ ਅਪਡੇਟ ਕੀਤਾ ਜਾਵੇ। ਇਸ ਐਪ ਦਾ ਨਾਂ ਦਿੱਲੀ ਕੋਰੋਨਾ ਹੈ।
ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਬੈੱਡ ਬਾਰੇ ਜਾਣਕਾਰੀ ਇਕ ਵੈੱਬਸਾਈਟ 'ਤੇ ਵੀ ਉਪਲੱਬਧ ਹੋਵੇਗਾ। ਇਸ ਦਾ ਪਤਾ www.delhifightscorona.in/beds ਹੈ। ਇਸ ਤੋਂ ਇਲਾਵਾ 1031 ਹੈਲਪਲਾਈਨ 'ਤੇ ਵੀ ਤੁਹਾਨੂੰ ਬੈੱਡ ਬਾਰੇ ਜਾਣਕਾਰੀ ਮਿਲ ਜਾਵੇਗੀ। ਫੋਨ ਕਰਨ 'ਤੇ ਐੱਸ.ਐੱਮ.ਐੱਸ. ਰਾਹੀਂ ਜਾਣਕਾਰੀ ਭੇਜੀ ਜਾਵੇਗੀ।
ਉਨ੍ਹਾਂ ਨੇ ਕਿਹਾ,''ਜੇਕਰ ਬੈੱਡ ਖਾਲੀ ਹੋਣ ਤੋਂ ਬਾਅਦ ਕੋਈ ਹਸਪਤਾਲ ਮਰੀਜ਼ ਨੂੰ ਭਰਤੀ ਨਹੀਂ ਕਰਦਾ ਹੈ ਤਾਂ ਤੁਸੀਂ 1031 'ਤੇ ਫੋਨ ਕਰੋ ਅਤੇ ਆਪਣੀ ਸਮੱਸਿਆ ਦੱਸੋ। ਇਸ ਦੀ ਜਾਣਕਾਰੀ ਤੁਰੰਤ ਸਿਹਤ ਮਹਿਕਮਾ ਦੇ ਉੱਚ ਅਧਿਕਾਰੀਆਂ ਨੂੰ ਹੋਵੇਗੀ ਅਤੇ ਉਹ ਤੁਰੰਤ ਉਸ ਹਸਪਤਾਲ ਨਾਲ ਗੱਲ ਕਰ ਕੇ ਤੁਹਾਨੂੰ ਉਸੇ ਸਮੇਂ ਬੈੱਡ ਦਿਵਾਉਣਗੇ।''