ਪੂਰਨ ਰਾਜ ਦੇ ਨਾਂ ''ਤੇ ਬੇਵਕੂਫ ਬਣਾ ਰਹੇ ਹਨ ਕੇਜਰੀਵਾਲ : ਦਿੱਲੀ ਕਾਂਗਰਸ

Thursday, Apr 04, 2019 - 05:20 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੂਰਨ ਰਾਜ ਦੀ ਮੁਹਿੰਮ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵੀਰਵਾਰ ਨੂੰ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਉਹ ਪੂਰਨ ਰਾਜ ਦੇ ਨਾਂ 'ਤੇ ਬੇਵਕੂਫ ਬਣਾ ਰਹੇ ਹਨ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਠੀਆ ਨੇ ਕਿਹਾ,''ਪੁਡੂਚੇਰੀ ਅਤੇ ਦਿੱਲੀ 'ਚ ਫਰਕ ਹੈ। ਦਿੱਲੀ ਇਕ ਵਿਸ਼ੇਸ਼ ਮਾਮਲਾ ਹੈ। ਦਿੱਲੀ ਦੀ ਤੁਲਨਾ ਦੂਜੇ ਰਾਜਾਂ ਨਾਲ ਨਹੀਂ ਹੋ ਸਕਦੀ ਹੈ। ਇੱਥੇ ਪੂਰਨ ਰਾਜ ਨੂੰ ਲੈ ਕੇ ਬਹੁਤ ਵੱਡੀ ਪ੍ਰਕਿਰਿਆ ਹੈ। ਉਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ।''

ਪੂਰਨ ਰਾਜ ਦਾ ਦਰਜਾ ਸੰਭਵ ਨਹੀਂ
ਉਨ੍ਹਾਂ ਨੇ ਦਾਅਵਾ ਕੀਤਾ,''ਕੇਜਰੀਵਾਲ ਨੂੰ ਵੀ ਪਤਾ ਹੈ ਕਿ ਪੂਰਨ ਰਾਜ ਦਾ ਦਰਜਾ ਸੰਭਵ ਨਹੀਂ ਹੈ ਪਰ ਉਹ ਸਿਰਫ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਇਹ ਸਭ ਕਰ ਰਹੇ ਹਨ।'' ਲਿਲੋਠੀਆ ਨੇ ਕਿਹਾ,''ਸ਼ੀਲਾ ਦੀਕਸ਼ਤ ਮੁੱਖ ਮੰਤਰੀ ਸੀ ਤਾਂ ਇਕ ਸਮੇਂ ਕੇਂਦਰ 'ਚ ਭਾਜਪਾ ਦੀ ਸਰਕਾਰ ਸੀ। ਉਸ ਸਮੇਂ ਵੀ ਮੁੱਦੇ ਸਨ ਪਰ ਉਸ ਨੂੰ ਹੱਲ ਕੀਤਾ ਗਿਆ। ਕੇਜਰੀਵਾਲ ਸਰਕਾਰ ਚਲਾਉਣ 'ਚ ਸਮਰੱਥ ਨਹੀਂ ਹਨ। ਉਹ ਸਿਰਫ਼ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾ ਕੇ ਖੁਦ ਨੂੰ ਬਚਾਉਣਾ ਚਾਹੁੰਦੇ ਹਨ।''

ਰਾਹੁਲ ਗਾਂਧੀ ਨੂੰ ਲਿਖਿਆ ਪੱਤਰ
ਦੱਸਣਯੋਗ ਹੈ ਕਿ ਕਾਂਗਰਸ ਨੇ ਮੰਗਲਵਾਰ ਨੂੰ ਜਾਰੀ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਹੈ ਕਿ ਕੇਂਦਰ 'ਚ ਪਾਰਟੀ ਦੀ ਸਰਕਾਰ ਬਣਨ 'ਤੇ ਉਹ ਪੁਡੂਚੇਰੀ ਨੂੰ ਪੂਰਨ ਰਾਜ ਦਾ ਦਰਜਾ ਦੇਵੇਗੀ ਅਤੇ ਦਿੱਲੀ 'ਚ ਉੱਪ ਰਾਜਪਾਲ ਦੇ ਅਧਿਕਾਰ ਖੇਤਰ ਨੂੰ ਸਪੱਸ਼ਟ ਕਰਨ ਲਈ ਕਾਨੂੰਨ 'ਚ ਸੋਧ ਕਰੇਗੀ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦਿੱਲੀ ਕਨਵੀਨਰ ਗੋਪਾਲ ਰਾਏ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖਿਆ ਅਤੇ ਅਪੀਲ ਕੀਤੀ ਕਿ ਉਹ ਦਿੱਲੀ ਲਈ ਪੂਰਨ ਰਾਜ ਦੇ ਮਾਮਲੇ 'ਤੇ ਮੁੜ ਵਿਚਾਰ ਕਰਨ।


DIsha

Content Editor

Related News