ਗੁਜਰਾਤ ’ਚ ‘ਆਪ’ ਦੀ ਸਰਕਾਰ ਬਣਨ ’ਤੇ ਗਊ ਪਾਲਕਾਂ ਦਿੱਤਾ ਜਾਏਗਾ ਭੱਤਾ : ਕੇਜਰੀਵਾਲ
Monday, Oct 03, 2022 - 12:07 PM (IST)
ਰਾਜਕੋਟ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਗੁਜਰਾਤ ਵਿਚ ਸੱਤਾ ਵਿੱਚ ਆਉਂਦੀ ਹੈ ਤਾਂ ਹਰ ਗਾਂ ਦੇ ਪਾਲਣ-ਪੋਸ਼ਣ ਲਈ ਗਊ ਪਾਲਕਾਂ ਨੂੰ 40 ਰੁਪਏ ਰੋਜ਼ਾਨਾ ਭੱਤਾ ਦਿੱਤਾ ਜਾਵੇਗਾ। ਹਰ ਜ਼ਿਲ੍ਹੇ ਵਿਚ ਦੁਧਾਰੂ ਪਸ਼ੂਆਂ ਲਈ ਗਊਸ਼ਾਲਾ ਬਣਾਈ ਜਾਵੇਗੀ। ਓਧਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਦਾ ਇਹ ਐਲਾਨ ਗੁਜਰਾਤ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁਕਾਬਲਾ ਕਰਨ ਅਤੇ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਹੈ।
ਰਾਜਕੋਟ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਅਤੇ ਕਾਂਗਰਸ ‘ਆਪ’ ਦੀਆਂ ਵੋਟਾਂ ਕੱਟਣ ਲਈ ਇਕਜੁੱਟ ਹਨ। ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਪਾਰਟੀ ‘ਆਪ’ ਸੂਬੇ ਵਿਚ ਅਗਲੀ ਸਰਕਾਰ ਬਣਾ ਰਹੀ ਹੈ। ਦਿੱਲੀ ’ਚ ਅਸੀਂ ਹਰ ਗਾਂ ਲਈ 40 ਰੁਪਏ ਪ੍ਰਤੀ ਦਿਨ ਦਿੰਦੇ ਹਾਂ। ਇਸ ਵਿਚੋਂ 20 ਰੁਪਏ ਦਿੱਲੀ ਸਰਕਾਰ ਦਿੰਦੀ ਹੈ। ਬਾਕੀ 20 ਰੁਪਏ ਨਗਰ ਨਿਗਮ ਦਿੰਦੀ ਹੈ। ਜੇ ਗੁਜਰਾਤ ’ਚ ‘ਆਪ’ ਦੀ ਸਰਕਾਰ ਬਣੀ ਤਾਂ ਗਊ ਪਾਲਣ ਲਈ 40 ਰੁਪਏ ਪ੍ਰਤੀ ਦਿਨ ਦੇਵਾਂਗੇ। ਕੇਜਰੀਵਾਲ ਦਾ ਇਹ ਐਲਾਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਸੂਬੇ ਦੇ ਗਊ ਪਾਲਕ ਗੁਜਰਾਤ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਪੈਕੇਜ ਨਾ ਦੇਣ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਭੋਜਨ ’ਤੇ ਸੱਦਣ ਵਾਲੇ ਕੋਲੋਂ ਉਸ ਦੀ ਪਾਰਟੀ ਨਹੀਂ ਪੁੱਛਦਾ : ਕੇਜਰੀਵਾਲ
ਅਹਿਮਦਾਬਾਦ ਵਿਚ ਰਾਤ ਦਾ ਖਾਣਾ ਖੁਆਉਣ ਵਾਲੇ ਇਕ ਰਿਕਸ਼ਾ ਚਾਲਕ ਵੱਲੋਂ ਭਾਜਪਾ ਦਾ ਸਮਰਥਨ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਹ ਇਹ ਭੇਦਭਾਵ ਨਹੀਂ ਕਰਦੇ ਕਿ ਕੌਣ ਕਿਸ ਪਾਰਟੀ ਦਾ ਸਮਰਥਨ ਕਰ ਰਿਹਾ ਹੈ। ਭਾਵੇਂ ਉਹ ਕਾਂਗਰਸ ਦਾ ਹੋਵੇ ਜਾਂ ਭਾਜਪਾ ਦਾ। ਰਿਕਸ਼ਾ ਚਾਲਕ ਨੇ ਮੈਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਸੀ। ਮੈਂ ਇਹ ਸੋਚੇ ਬਿਨਾਂ ਚਲਾ ਗਿਆ ਕਿ ਉਹ ਕਿਸ ਪਾਰਟੀ ਦਾ ਸਮਰਥਨ ਕਰਦਾ ਹੈ। ਕੋਈ ਕਿਸੇ ਵੀ ਪਾਰਟੀ ਨੂੰ ਵੋਟ ਪਾ ਸਕਦਾ ਹੈ। ਜੇ ਤੁਸੀਂ ਮੈਨੂੰ ਖਾਣੇ ’ਤੇ ਬੁਲਾਉਂਦੇ ਹੋ ਤਾਂ ਮੈਂ ਕਦੇ ਨਹੀਂ ਪੁੱਛਾਂਗਾ ਕਿ ਤੁਸੀਂ ਕਿਸ ਪਾਰਟੀ ਨਾਲ ਜੁੜੇ ਹੋਏ ਹੋ ਤੇ ਕਿਸ ਨੂੰ ਵੋਟ ਪਾਓਗੇ।
ਕਾਂਗਰਸ 10 ਤੋਂ ਵੱਧ ਸੀਟਾਂ ਨਹੀਂ ਜਿੱਤੇਗੀ
ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਨੂੰ ਹਰਾਉਣ ਲਈ ਭਾਜਪਾ ਅਤੇ ਕਾਂਗਰਸ ਗੁਜਰਾਤ ਵਿਚ ਇਕੱਠੀਆਂ ਹੋ ਗਈਆਂ ਹਨ। ਕਾਂਗਰਸ ਨੂੰ ‘ਆਪ’ ਦੀਆਂ ਵੋਟਾਂ ਤੋੜਨ ਦਾ ਕੰਮ ਸੌਂਪਿਆ ਗਿਆ ਹੈ। ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ 182 ਮੈਂਬਰੀ ਗੁਜਰਾਤ ਵਿਧਾਨ ਸਭਾ ਵਿਚ ਕਾਂਗਰਸ 10 ਤੋਂ ਵੱਧ ਸੀਟਾਂ ਨਹੀਂ ਜਿੱਤੇਗੀ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਅਤੇ ਪੰਜਾਬ ਦੇ ਰਿਕਾਰਡ ਨੂੰ ਤੋੜਨ ਲਈ ਸਖ਼ਤ ਮਿਹਨਤ ਕਰਨ।