ਕੇਜਰੀਵਾਲ ਨੇ ਸ਼ਹੀਦ ਨਰਿੰਦਰ ਦੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈਕ

Wednesday, Nov 21, 2018 - 05:56 PM (IST)

ਸੋਨੀਪਤ (ਬਿਊਰੋ)— ਤਕਰੀਬਨ ਦੋ ਮਹੀਨੇ ਪਹਿਲਾਂ ਪਾਕਿਸਤਾਨ ਫੌਜ ਦੇ ਹਮਲੇ ਦਾ ਸ਼ਿਕਾਰ ਹੋਏ ਸ਼ਹੀਦ ਨਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇੱਥੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 1 ਕਰੋੜ ਦੀ ਮਦਦ ਰਾਸ਼ੀ ਦੇਣ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕ੍ਰਿਕਟ ਵਿਚ ਸੈਂਕੜਾ ਲਾਉਣ ਵਾਲੇ ਖਿਡਾਰੀਆਂ ਨੂੰ ਸਰਕਾਰਾਂ ਕਰੋੜਾਂ ਰੁਪਏ ਦਿੰਦੀ ਹੈ ਪਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਦਿੰਦੀ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੁਪਨਾ ਸੀ ਕਿ ਜੇਕਰ ਕਦੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਅਜਿਹਾ ਕੰਮ ਕਰਾਂਗੇ ਕਿ ਜਿਸ ਨਾਲ ਸ਼ਹੀਦ ਦੇ ਪਰਿਵਾਰਾਂ ਨੂੰ ਲੱਗੇ ਕਿ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਇਕ ਕਰੋੜ ਦੀ ਰਕਮ ਬਹੁਤ ਛੋਟੀ ਹੁੰਦੀ ਹੈ, ਪਤੀ ਅਤੇ ਪਿਤਾ ਤਾਂ 100 ਕਰੋੜ ਰੁਪਏ ਵਿਚ ਵੀ ਵਾਪਸ ਨਹੀਂ ਲਿਆਂਦਾ ਜਾ ਸਕਦਾ। 

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਰਾਮਗੜ੍ਹ ਸੈਕਟਰ ਵਿਚ ਗੋਲੀਬਾਰੀ ਦੌਰਾਨ ਜ਼ਖਮੀ ਹੋਏ ਸ਼ਹੀਦ ਨੂੰ ਪਾਕਿਸਤਾਨ ਰੇਂਜਰਸ ਅਗਵਾ ਕਰ ਕੇ ਆਪਣੇ ਨਾਲ ਲੈ ਗਏ ਸਨ। ਉਨ੍ਹਾਂ ਨੇ ਸ਼ਹੀਦ ਦੀ ਛਾਤੀ ਅਤੇ ਪੈਰ ਵਿਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇੱਥੇ ਦੱਸ ਦੇਈਏ ਕਿ ਜਵਾਨ ਪਾਕਿਸਤਾਨੀ ਗੋਲੀਬਾਰੀ ਤੋਂ ਬਾਅਦ  ਗਾਇਬ ਹੋ ਗਿਆ ਸੀ, ਜਿਸ ਮਗਰੋਂ ਸ਼ਾਮ ਨੂੰ ਜ਼ੀਰੋ ਲਾਈਨ ਸੀਮਾ ਕੋਲ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਨਰਿੰਦਰ ਸਿੰਘ ਬੀ. ਐੱਸ. ਐੱਫ. ਦੇ ਜਵਾਨ ਸਨ।

PunjabKesari

ਫੌਜੀ ਦੀ ਸ਼ਹਾਦਤ ਤੋਂ ਬਾਅਦ ਜਿੱਥੇ ਹਰਿਆਣਾ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦੇ ਨਾਲ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ 1 ਕਰੋੜ ਰੁਪਏ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ। ਜਿਸ ਲਈ ਕੇਜਰੀਵਾਲ ਵੱਲੋਂ ਦਿੱਲੀ ਕੈਬਨਿਟ ਦੀ ਬੈਠਕ ਵਿਚ ਇਸ ਨਾਲ ਸਬੰਧਤ ਮਤੇ ਨੂੰ ਪਾਸ ਕੀਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਨੌਕਰੀ ਦੇਣ ਦਾ ਫੈਸਲਾ ਲੈਫਟੀਨੈਂਟ ਗਵਰਨਰ (ਐੱਲ. ਜੀ.) ਦੇ ਹੱਥ ਵਿਚ ਹੈ। ਉਨ੍ਹਾਂ ਕਿਹਾ ਕਿ 15-20 ਦਿਨ ਵਿਚ ਫੈਸਲਾ ਆ ਜਾਵੇਗਾ, ਫਿਰ ਅਸੀਂ ਨੌਕਰੀਆਂ ਵੀ ਦੇ ਸਕਾਂਗੇ।


Tanu

Content Editor

Related News