ਕੈਗ ਰਿਪੋਰਟ ਵਿਚ ਕੇਜਰੀਵਾਲ ਦੇ ‘ਸਰਕਾਰੀ ਬੰਗਲੇ’ ’ਚ ਬੇਨਿਯਮੀਆਂ ਦੇ ਦੋਸ਼
Tuesday, Mar 24, 2026 - 10:28 AM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਵਿਚ ਸੋਮਵਾਰ ਨੂੰ ਪੇਸ਼ ਕੀਤੀ ਗਈ ਕੈਗ ਰਿਪੋਰਟ ਅਨੁਸਾਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਾਬਕਾ ਸਰਕਾਰੀ ਰਿਹਾਇਸ਼ 6 ਫਲੈਗਸਟਾਫ ਰੋਡ ਦੇ ਨਵੀਨੀਕਰਨ ਦਾ ਕੰਮ 33.66 ਕਰੋੜ ਰੁਪਏ ਵਿਚ ਪੂਰਾ ਹੋਇਆ, ਜੋ ਕਿ ਅਨੁਮਾਨਿਤ ਲਾਗਤ ਤੋਂ 342 ਫੀਸਦੀ ਵੱਧ ਸੀ। ਸੀ. ਐੱਮ. ਰੇਖਾ ਗੁਪਤਾ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਕੈਗ ਦੀ 2022 ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 33.66 ਕਰੋੜ ਰੁਪਏ ਵਿਚੋਂ 18.88 ਕਰੋੜ ਰੁਪਏ ਵੱਖ-ਵੱਖ ਵਸਤੂਆਂ ’ਤੇ ਖਰਚ ਕੀਤੇ ਗਏ ਸਨ। ਇਸ ਰਿਹਾਇਸ਼ ਵਿਚ ਅਰਵਿੰਦ ਕੇਜਰੀਵਾਲ ਸਾਲ 2015 ਤੋਂ 2024 ਤੱਕ ਦਿੱਲੀ ਦੇ ਮੁੱਖ ਮੰਤਰੀ ਵਜੋਂ ਰਹੇ।
ਰਿਪੋਰਟ ਵਿਚ ਦੋਸ਼ ਲਾਇਆ ਗਿਆ ਹੈ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਬੰਗਲੇ ’ਚ ਵਾਧੂ ਕਮਰੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉੱਥੇ ਸਥਿਤ ਕੈਂਪ ਦਫ਼ਤਰ ਅਤੇ ਸਟਾਫ਼ ਬਲਾਕ ਵਿਚ ਕੀਤੀਆਂ ਗਈਆਂ ਤਬਦੀਲੀਆਂ ਵਿਚ ਕਈ ਬੇਨਿਯਮੀਆਂ ਪਾਈਆਂ ਗਈਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ 9.34 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਅਤੇ ਖਰਚੇ ਦੀ ਮਨਜ਼ੂਰੀ ਕੰਮ ਪੂਰਾ ਹੋਣ ਦੇ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਦਿੱਤੀ ਗਈ, ਜਿਸ ਨਾਲ ਬਿਨਾਂ ਕਿਸੇ ਅਗਾਊਂ ਇਜਾਜ਼ਤ ਦੇ ਦੇਣਦਾਰੀ ਪੈਦਾ ਹੋ ਗਈ।
ਕੈਗ ਦੀ ਰਿਪੋਰਟ ਅਨੁਸਾਰ ਆਡਿਟ ਵਿਚ ਪਾਇਆ ਗਿਆ ਕਿ ਸਟਾਫ਼ ਬਲਾਕ ਅਤੇ ਕੈਂਪ ਦਫ਼ਤਰ ਦੀ ਉਸਾਰੀ ਲਈ ਪ੍ਰਵਾਨਿਤ 19.87 ਕਰੋੜ ਰੁਪਏ 'ਚੋਂ ਫੰਡਾਂ ਨੂੰ ਹੋਰ ਕੰਮਾਂ ’ਚ ਲਗਾ ਦਿੱਤਾ ਗਿਆ। ਸਟਾਫ਼ ਬਲਾਕ ਦੀ ਉਸਾਰੀ ਨਹੀਂ ਹੋਈ ਅਤੇ ਉਸ ਰਕਮ ਨਾਲ ਸਹਾਇਕਾਂ ਲਈ 7 ਕੁਆਰਟਰ ਅਜਿਹੀ ਥਾਂ ’ਤੇ ਬਣਾਏ ਗਏ, ਜੋ ਮੂਲ ਕੰਮ ਨਾਲ ਸਬੰਧਤ ਨਹੀਂ ਸਨ। ਕੈਗ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਂਪ ਆਫ਼ਿਸ ਦਾ ਸਰੂਪ ਸਥਾਈ ਤੋਂ ਅਰਧ-ਸਥਾਈ ਢਾਂਚੇ ਵਿਚ ਬਦਲ ਦਿੱਤਾ ਗਿਆ ਸੀ। ਅੰਤ ਵਿਚ ਫੰਡ ਖ਼ਤਮ ਹੋ ਜਾਣ ਕਾਰਨ ਕੈਂਪ ਆਫ਼ਿਸ ਦਾ ਸਿਰਫ਼ ਕੱਚਾ ਢਾਂਚਾ ਹੀ ਪੂਰਾ ਹੋ ਸਕਿਆ ਅਤੇ ਜੂਨ 2023 ਵਿਚ ਪੀ. ਡਬਲਿਯੂ. ਡੀ. ਵੱਲੋਂ ਕੰਮ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
