''ਕਮਲ'' ਦੇ ਅੱਗੇ ‘ਕਮਾਲ’ ਨਹੀਂ ਵਿਖਾ ਸਕਿਆ ਹਰਿਆਣਾ ਦਾ ਛੋਰਾ ਕੇਜਰੀਵਾਲ!

Sunday, Feb 09, 2025 - 12:09 PM (IST)

''ਕਮਲ'' ਦੇ ਅੱਗੇ ‘ਕਮਾਲ’ ਨਹੀਂ ਵਿਖਾ ਸਕਿਆ ਹਰਿਆਣਾ ਦਾ ਛੋਰਾ ਕੇਜਰੀਵਾਲ!

ਨੈਸ਼ਨਲ ਡੈਸਕ- ਹਰਿਆਣਾ ਦੇ ਹਿਸਾਰ ਨਾਲ ਸਬੰਧ ਰੱਖਣ ਵਾਲੇ ਅਰਵਿੰਦ ਕੇਜਰੀਵਾਲ 2013 ’ਚ ਪਹਿਲੀ ਵਾਰ ਬਣੇ ਸਨ ਦਿੱਲੀ ਦੇ ਮੁੱਖ ਮੰਤਰੀ। ਦਿੱਲੀ ’ਚ 2013 ਤੋਂ ਸੱਤਾ ਵਿਚ ਬਣੇ ਹੋਏ ਹਰਿਆਣਾ ਦੇ ਲਾਲ ਅਰਵਿੰਦ ਕੇਜਰੀਵਾਲ ਇਸ ਵਾਰ ਕਮਲ ਦੇ ਅੱਗੇ ਦਿੱਲੀ ਵਿਚ ਕਮਾਲ ਨਹੀਂ ਵਿਖਾ ਸਕੇ। ਉਹ ਖੁਦ ਵੀ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਏ ਤੇ ਭਾਜਪਾ ਨੇ ਲੱਗਭਗ 27 ਸਾਲ ਬਾਅਦ ਦਿੱਲੀ ਦੀ ਸੱਤਾ ’ਚ ਵਾਪਸੀ ਕੀਤੀ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਹਰਿਆਣਾ ਭਾਜਪਾ ਦੇ ਵੱਡੇ ਚਿਹਰਿਆਂ ਦੀ ਵੀ ਫੈਸਲਾਕੁੰਨ ਭੂਮਿਕਾ ਰਹੀ ਅਤੇ ਉਨ੍ਹਾਂ ਦਾ ਵੱਕਾਰ ਦਾਅ ’ਤੇ ਸੀ। ਖਾਸ ਤੌਰ ’ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਨ੍ਹਾਂ ਚੋਣਾਂ ਵਿਚ ਰਣਨੀਤੀਕਾਰ ਦੇ ਨਾਲ-ਨਾਲ ਧੂੰਆਂਧਾਰ ਪ੍ਰਚਾਰਕ ਦੀ ਵੀ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ-  ਅਰਵਿੰਦ ਕੇਜਰੀਵਾਲ ਹਾਰੇ

ਖੱਟੜ ਤੇ ਸੈਣੀ ਨੇ ਕਿਹਾ-ਦਿੱਲੀ ਦੀ ਜਨਤਾ ਨੇ ਕੇਜਰੀਵਾਲ ਨੂੰ ਸਿਖਾਇਆ ਸਬਕ

ਦਿੱਲੀ ਵਿਚ ਭਾਜਪਾ ਨੂੰ ਮਿਲੇ ਸਪਸ਼ਟ ਬਹੁਮਤ ਤੋਂ ਬਾਅਦ ਕੇਂਦਰੀ ਊਰਜਾ ਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟੜ ਨੇ ਫੇਸਬੁੱਕ ’ਤੇ ਲਿਖਿਆ–ਆਪ-ਦਾ ਨੂੰ ਨਹੀਂ ਸਹਾਂਗੇ, ਬਦਲ ਕੇ ਰਹਾਂਗੇ!! ਦਿੱਲੀ ਦੀ ਮਾਣਯੋਗ ਜਨਤਾ-ਜਨਾਰਦਨ ਨੇ ਆਪਣੇ ਫਤਵੇ ਨਾਲ ਵਾਅਦਾਖਿਲਾਫੀ ਕਰਨ ਵਾਲਿਆਂ ਨੂੰ ਅਜਿਹਾ ਸਬਕ ਸਿਖਾਇਆ ਹੈ, ਜੋ ਦੇਸ਼ ਭਰ ਵਿਚ ਜਨਤਾ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਲਈ ਮਿਸਾਲ ਬਣੇਗਾ। ਇਸ ਪ੍ਰਚੰਡ ਲੋਕ ਫਤਵੇ ਲਈ ਦਿੱਲੀ ਦੀ ਜਨਤਾ ਦਾ ਦਿਲੋਂ ਧੰਨਵਾਦ। ਦਿੱਲੀ ਵਿਚ ਮਿਲੀ ਇਸ ਸ਼ਾਨਦਾਰ ਜਿੱਤ ਲਈ ਮਿਹਨਤੀ ਤੇ ਨਿਸ਼ਠਾਵਾਨ ਭਾਜਪਾ ਦਿੱਲੀ ਦੇ ਸਾਰੇ ਵਰਕਰਾਂ, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਤੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਆਪਣੇ ਸਾਰੇ ਵਾਅਦੇ ਪੂਰੇ ਕਰ ਕੇ ਦਿੱਲੀ ਦੇ ਸੁਨਹਿਰੀ ਅਧਿਆਏ ਦੀ ਨਵੀਂ ਸ਼ੁਰੂਆਤ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਨਾਇਬ ਸੈਣੀ ਨੇ ਵੀ ਟਵੀਟ ਕਰਦੇ ਹੋਏ ਲਿਖਿਆ ਕਿ ਕੇਜਰੀਵਾਲ ਨੇ ਹਰਿਆਣਾ ਦੀ ਮਿੱਟੀ ਨੂੰ ਅਪਮਾਨਤ ਕਰਨ ਦਾ ਕੰਮ ਕੀਤਾ। ਜਦੋਂ ਉਹ ਹਰਿਆਣਾ ਦੇ ਨਹੀਂ ਹੋਏ ਤਾਂ ਦਿੱਲੀ ਦੇ ਕਿਵੇਂ ਹੁੰਦੇ? ਅੱਜ ਦੇ ਇਤਿਹਾਸਕ ਦਿਨ ਦਿੱਲੀ ਦੀ ਮਹਾਨ ਜਨਤਾ ਦਾ ਸਵਾਗਤ ਹੈ, ਜਿਸ ਨੇ ਭਾਜਪਾ ਨੂੰ ਸਪਸ਼ਟ ਲੋਕ ਫਤਵਾ ਦਿੱਤਾ ਅਤੇ ਦਿੱਲੀ ਵਿਚ ਕਮਲ ਖਿੜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜ਼ਬੂਤ ਅਗਵਾਈ ਤੇ ਸਮਾਜਿਕ ਕਲਿਆਣ ਦੀਆਂ ਗਾਰੰਟੀਆਂ ’ਤੇ ਪੱਕੀ ਮੋਹਰ ਲਾ ਦਿੱਤੀ। ਦਿੱਲੀ ਦੇ ਦਿਲ ਵਿਚ ਮੋਦੀ।

ਇਹ ਵੀ ਪੜ੍ਹੋ- ਕੇਜਰੀਵਾਲ ਨੇ ਨਹੀਂ ਮੰਨੀ ਮੇਰੀ ਗੱਲ, ਦਿੱਲੀ ਨਤੀਜਿਆਂ 'ਤੇ ਬੋਲੇ ਅੰਨਾ ਹਜ਼ਾਰੇ

ਸੱਟਾ ਬਾਜ਼ਾਰ ਦੇ ਅਨੁਮਾਨ ਮੁੜ ਹੋਏ ਗਲਤ ਸਾਬਤ

ਖਾਸ ਤੇ ਦਿਲਚਸਪ ਗੱਲ ਇਹ ਵੀ ਰਹੀ ਕਿ ਇਕ ਵਾਰ ਮੁੜ ਸੱਟਾ ਬਾਜ਼ਾਰ ਦੇ ਅਨੁਮਾਨ ਵੀ ਗਲਤ ਸਾਬਤ ਹੋਏ। ਸੱਟਾ ਬਾਜ਼ਾਰ ਵਿਚ ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਬਰਾਬਰ ਦਾ ਮੁਕਾਬਲਾ ਵਿਖਾਇਆ ਜਾ ਰਿਹਾ ਸੀ ਅਤੇ ਪੋਲਿੰਗ ਤੋਂ ਬਾਅਦ ਤੇ ਵੋਟ ਗਿਣਤੀ ਤੋਂ ਇਕ ਦਿਨ ਪਹਿਲਾਂ ਤਕ ਵੀ ਦੋਵਾਂ ਹੀ ਪਾਰਟੀਆਂ ਨੂੰ 32 ਤੋਂ 36 ਸੀਟਾਂ ਮਿਲਦੀਆਂ ਵਿਖਾਈਆਂ ਜਾ ਰਹੀਆਂ ਸਨ।
ਸੱਟਾ ਬਾਜ਼ਾਰ ਦੇ ਇਹ ਅਨੁਮਾਨ ਤੇ ਭਾਅ ਗਲਤ ਸਾਬਤ ਹੋਏ, ਜਦੋਂਕਿ ਐਗਜ਼ਿਟ ਪੋਲ ਇਸ ਵਾਰ ਸਟੀਕ ਰਹੇ। ਵੱਖ-ਵੱਖ ਏਜੰਸੀਆਂ ਵੱਲੋਂ ਕੀਤੇ ਗਏ ਜ਼ਿਆਦਾਤਰ ਐਗਜ਼ਿਟ ਪੋਲ ਇਸ ਵਾਰ ਸਪਸ਼ਟ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਦੀ ਵਿਖਾ ਰਹੇ ਸਨ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ’ਚ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਸੱਟਾ ਬਾਜ਼ਾਰ ਵੱਲੋਂ ਕਾਂਗਰਸ ਦੀ ਸਰਕਾਰ ਬਣਾਉਣ ਦੇ ਅਨੁਮਾਨ ਸਾਹਮਣੇ ਆਏ ਸਨ ਪਰ ਜਦੋਂ 8 ਅਕਤੂਬਰ ਨੂੰ ਚੋਣ ਨਤੀਜੇ ਆਏ ਤਾਂ ਭਾਜਪਾ ਨੂੰ 48 ਸੀਟਾਂ ’ਤੇ ਜਿੱਤ ਮਿਲੀ।

ਇਹ ਵੀ ਪੜ੍ਹੋ- ਹਾਰ ਮਗਰੋਂ ਅਰਵਿੰਦ ਕੇਜਰੀਵਾਲ ਬੋਲੇ- ਜਨਤਾ ਦਾ ਫ਼ੈਸਲਾ ਸਿਰ ਮੱਥੇ

ਮਨਜਿੰਦਰ ਸਿਰਸਾ ਨੇ ਬਚਾਈ ਹਰਿਆਣਾ ਦੀ ਸਾਖ

ਦਿੱਲੀ ਵਿਧਾਨ ਸਭਾ ਚੋਣਾਂ ’ਚ ਇਸ ਵਾਰ ਹਰਿਆਣਾ ਨਾਲ ਸਬੰਧ ਰੱਖਣ ਵਾਲੇ 3 ਨੇਤਾਵਾਂ ਅਰਵਿੰਦ ਕੇਜਰੀਵਾਲ, ਮਨਜਿੰਦਰ ਸਿੰਘ ਸਿਰਸਾ ਤੇ ਅਰਜੁਨ ਭਡਾਨਾ ਦਾ ਵੱਕਾਰ ਦਾਅ ’ਤੇ ਸੀ। ਇਸੇ ਤਰ੍ਹਾਂ ਹਰਿਆਣਾ ਤੋਂ ਰਾਜ ਸਭਾ ਦੇ ਮੈਂਬਰ ਰਹੇ ਦੁਸ਼ਯੰਤ ਗੌਤਮ ਵੀ ਦਿੱਲੀ ਦੀ ਕਰੋਲ ਬਾਗ ਸੀਟ ਤੋਂ ਭਾਜਪਾ ਦੇ ਉਮੀਦਵਾਰ ਸਨ। ਇਨ੍ਹਾਂ ਵਿਚੋਂ ਮਨਜਿੰਦਰ ਸਿੰਘ ਸਿਰਸਾ ਨੂੰ ਛੱਡ ਕੇ ਬਾਕੀ ਤਿੰਨੋਂ ਨੇਤਾ ਚੋਣ ਹਾਰ ਗਏ। ਮੂਲ ਤੌਰ ’ਤੇ ਹਰਿਆਣਾ ਦੇ ਹਿਸਾਰ ਜ਼ਿਲੇ ਦੇ ਸਿਵਾਨੀ ਨਾਲ ਸਬੰਧ ਰੱਖਣ ਵਾਲੇ ਅਤੇ ਲੱਗਭਗ 10 ਸਾਲਾਂ ਤਕ ਦਿੱਲੀ ਦੇ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਸੀਟ ਤੋਂ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ 4,089 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਹਰਿਆਣਾ ਦੇ ਸਿਰਸਾ ਜ਼ਿਲੇ ਨਾਲ ਸਬੰਧ ਰੱਖਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਨਾਲ ਚੋਣ ਲੜਦੇ ਹੋਏ ਰਾਜੌਰੀ ਗਾਰਡਨ ਤੋਂ 18,190 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News