ਅਰੁਣਾਚਲ ਪ੍ਰਦੇਸ਼ ਹੈਲੀਕਾਪਟਰ ਹਾਦਸਾ : 4 ਫ਼ੌਜੀਆਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ
Saturday, Oct 22, 2022 - 10:09 AM (IST)
ਈਟਾਨਗਰ (ਭਾਸ਼ਾ)- ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸਿਆਂਗ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਫ਼ੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ ਚਾਰ ਫ਼ੌਜੀਆਂ ਦੀ ਮੌਤ ਹੋ ਗਈ ਜਦਕਿ ਫ਼ੌਜ ਦੇ ਇਕ ਜਵਾਨ ਦੀ ਭਾਲ ਜਾਰੀ ਹੈ। ਫ਼ੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚਾਰ ਫ਼ੌਜੀ ਜਵਾਨਾਂ ਦੀਆਂ ਲਾਸ਼ਾਂ ਚੀਨ ਦੀ ਸਰਹੱਦ ਤੋਂ 35 ਕਿਲੋਮੀਟਰ ਦੀ ਦੂਰੀ 'ਤੇ ਸੰਘਣੇ ਜੰਗਲ 'ਚੋਂ ਬਰਾਮਦ ਕੀਤੀਆਂ ਗਈਆਂ ਹਨ। ਬੁਲਾਰੇ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਐਡਵਾਂਸ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਡਬਲਿਯੂ.ਐੱਸ.ਆਈ. 'ਚ 2 ਪਾਇਲਟਾਂ ਸਮੇਤ 5 ਫ਼ੌਜੀ ਨਿਯਮਿਤ ਉਡਾਣ ਦੇ ਅਧੀਨ ਸਵਾਰ ਸਨ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੂਤਿੰਗ ਤੋਂ 25 ਕਿਲੋਮੀਟਰ ਦੂਰ ਮਿਗਿੰਗ ਨੇੜੇ ਸਿੰਗਿੰਗ ਵਿਖੇ ਸਵੇਰੇ 10.43 ਵਜੇ ਵਾਪਰੀ। ਫ਼ੌਜ ਦੇ ਹੈਲੀਕਾਪਟਰ ਨੂੰ ਐੱਚ.ਏ.ਐੱਲ. ਰੁਦਰ ਵੀ ਕਿਹਾ ਜਾਂਦਾ ਹੈ, ਜਿਸ ਨੇ ਲੋਅਰ ਸਿਆਂਗ ਜ਼ਿਲ੍ਹੇ ਦੇ ਲਿਕਾਬਲੀ ਤੋਂ ਉਡਾਣ ਭਰੀ ਸੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਮਹਿਬੂਬਾ ਨੂੰ ਸਰਕਾਰੀ ਬੰਗਲਾ ਖ਼ਾਲੀ ਕਰਨ ਲਈ ਕਿਹਾ
ਐੱਚ.ਏ.ਐੱਲ. ਰੁਦਰ ਭਾਰਤੀ ਫ਼ੌਜ ਲਈ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚ.ਏ.ਐੱਲ.) ਵਲੋਂ ਨਿਰਮਿਤ ਇਕ ਹਮਲਾਵਰ ਹੈਲੀਕਾਪਟਰ ਹੈ। ਤੇਜ਼ਪੁਰ ਸਥਿਤ ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਏ.ਐੱਸ. ਵਾਲੀਆ ਨੇ ਕਿਹਾ,''ਹੈਲੀਕਾਪਟਰ 'ਤੇ ਫ਼ੌਜ ਦੇ 5 ਜਵਾਨ ਸਵਾਰ ਸਨ, ਜਿਨ੍ਹਾਂ 'ਚੋਂ ਚਾਰ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ, ਜਿਸ 'ਚ ਐੱਮਆਈ-17 ਅਤੇ 2 ਏ.ਐੱਲ.ਐੱਚ.ਏ. ਸ਼ਾਮਲ ਸਨ। ਅਪਰ ਸਿਆਂਗ ਦੇ ਐੱਸ.ਪੀ. ਜੁੰਮਰ ਬਾਸਰ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਨੇ ਆਪਣੀ ਟੀਮ ਨੂੰ ਖੋਜ ਅਤੇ ਬਚਾਅ ਕਾਰਜ ਲਈ ਮੌਕੇ 'ਤੇ ਭੇਜਿਆ ਹੈ। ਇਸ ਮਹੀਨੇ ਸੂਬੇ 'ਚ ਫ਼ੌਜ ਦੇ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਇਹ ਦੂਜੀ ਘਟਨਾ ਹੈ। ਇਸ ਸਰਹੱਦੀ ਰਾਜ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਰਿਜਿਜੂ ਨੇ ਟਵੀਟ ਕੀਤਾ,''ਉੱਪਰੀ ਸਿਆਂਗ ਜ਼ਿਲ੍ਹੇ 'ਚ ਭਾਰਤੀ ਫ਼ੌਜ ਦੇ ਐਡਵਾਂਸ ਲਾਈਟ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਪਰੇਸ਼ਾਨ ਕਰਨ ਵਾਲੀ ਖਬਰ ਮਿਲੀ ਹੈ। ਮੇਰੀ ਡੂੰਘੀ ਹਮਦਰਦੀ। 5 ਅਕਤੂਬਰ ਨੂੰ ਤਵਾਂਗ ਜ਼ਿਲ੍ਹੇ 'ਚ ਇਕ ਚੀਤਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ, ਜਿਸ 'ਚ ਸਵਾਰ 2 ਪਾਇਲਟਾਂ 'ਚੋਂ ਇਕ ਦੀ ਮੌਤ ਹੋ ਗਈ ਸੀ। ਮਾਰਚ 'ਚ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਨੇੜੇ ਇਕ ਹੋਰ ਚੀਤਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਇਸ ਘਟਨਾ 'ਚ ਪਾਇਲਟ ਦੀ ਮੌਤ ਹੋ ਗਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ