ਅਰੁਣ ਜੇਤਲੀ ਦੀ ਹਾਲਤ ਸਥਿਰ, ਡਾਕਟਰ ਰੱਖ ਰਹੇ ਹਨ ਨਜ਼ਰ

Saturday, Aug 17, 2019 - 10:30 AM (IST)

ਅਰੁਣ ਜੇਤਲੀ ਦੀ ਹਾਲਤ ਸਥਿਰ, ਡਾਕਟਰ ਰੱਖ ਰਹੇ ਹਨ ਨਜ਼ਰ

ਨਵੀਂ ਦਿੱਲੀ (ਵਾਰਤਾ)— ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਸਥਿਰ ਬਣੀ ਹੋਈ ਹੈ। 66 ਸਾਲਾ ਜੇਤਲੀ ਲੰਬੇ ਸਮੇਂ ਤੋਂ ਬੀਮਾਰ ਹਨ। ਬੀਤੀ 9 ਅਗਸਤ ਨੂੰ ਉਨ੍ਹਾਂ ਨੂੰ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ। ਮਾਹਰ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਇਲਾਜ 'ਤੇ ਨਜ਼ਰ ਰੱਖ ਰਹੀ ਹੈ। ਉਹ ਆਈ. ਸੀ. ਯੂ. ਵਿਚ ਹਨ। ਜੇਤਲੀ ਦੇ ਫੇਫੜਿਆਂ 'ਚ ਪਾਣੀ ਜਮਾਂ ਹੋ ਰਿਹਾ ਹੈ, ਜਿਸ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਹੈ। ਇਹ ਹੀ ਵਜ੍ਹਾ ਹੈ ਕਿ ਡਾਕਟਰਾਂ ਨੇ ਵੈਂਟੀਲੇਟਰ 'ਤੇ ਰੱਖਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸ਼ੁੱਕਰਵਾਰ ਯਾਨੀ ਕਿ ਕੱਲ ਏਮਜ਼ ਪਹੁੰਚੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। 

ਇੱਥੇ ਦੱਸ ਦੇਈਏ ਕਿ ਜੇਤਲੀ ਨੂੰ ਸਾਫਟ ਟਿਸ਼ੂ ਸਰਕੋਮਾ ਹੈ, ਜੋ ਇਕ ਪ੍ਰਕਾਰ ਦਾ ਕੈਂਸਰ ਹੁੰਦਾ ਹੈ। ਜੇਤਲੀ ਪਹਿਲਾਂ ਤੋਂ ਹੀ ਸ਼ੂਗਰ ਦੇ ਮਰੀਜ਼ ਹਨ। ਸਾਲ 2018 'ਚ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਹੋ ਚੁੱਕੀ ਹੈ। ਸਾਫਟ ਟਿਸ਼ੂ ਕੈਂਸਰ ਦੀ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਜੇਤਲੀ ਇਲਾਜ ਲਈ ਅਮਰੀਕਾ ਵੀ ਗਏ ਸਨ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੇ 2019 ਦੀਆਂ ਆਮ ਚੋਣਾਂ ਨਹੀਂ ਲੜੀਆਂ ਸਨ ਅਤੇ ਕੈਬਨਿਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਦਿੱਲੀ ਯੂਨੀਵਰਸਿਟੀ ਤੋਂ ਵਿਦਿਆਰਥੀ ਨੇਤਾ ਦਾ ਰੂਪ ਵਿਚ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੇਤਲੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਵੀ ਰਹੇ ਹਨ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਵਿੱਤ ਮੰਤਰਾਲੇ ਸੰਭਾਲਣ ਵਾਲੇ ਜੇਤਲੀ ਸਿਹਤ ਕਾਰਨਾਂ ਤੋਂ ਮੋਦੀ-2 ਸਰਕਾਰ ਵਿਚ ਸ਼ਾਮਲ ਨਹੀਂ ਹੋਏ। ਜੇਤਲੀ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਵੀ ਕੇਂਦਰੀ ਮੰਤਰੀ ਰਹੇ ਹਨ।


author

Tanu

Content Editor

Related News