ਅਮਰੀਕਾ ਓਸਾਮਾ ਨੂੰ ਪਾਕਿ ''ਚ ਦਾਖਲ ਹੋ ਕੇ ਮਾਰ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ : ਜੇਤਲੀ
Wednesday, Feb 27, 2019 - 04:13 PM (IST)

ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਦਰਮਿਆਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਹਾਲਾਤ ਵਿਚ ਸਭ ਕੁਝ ਮੁਮਕਿਨ ਹੈ। ਜਦੋਂ ਅਮਰੀਕਾ, ਪਾਕਿਸਤਾਨ 'ਚ ਦਾਖਲ ਹੋ ਕੇ ਅੱਤਵਾਦੀ ਸੰਗਠਨ ਅਲਕਾਇਦਾ ਚੀਫ ਓਸਾਮਾ ਬਿਨ ਲਾਦੇਨ ਨੂੰ ਮਾਰ ਸਕਦਾ ਹੈ ਤਾਂ ਕੁਝ ਵੀ ਸੰਭਵ ਹੈ। ਇੱਥੇ ਦੱਸ ਦੇਈਏ ਕਿ ਹਵਾਈ ਫੌਜ ਦੀ ਮੰਗਲਵਾਰ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਵੱਡੀ ਕਾਰਵਾਈ ਕੀਤੀ।
ਜੇਤਲੀ ਨੇ ਕਿਹਾ ਕਿ ਅਮਰੀਕਾ ਦੇ ਨੇਵੀ ਸੀਲ ਕਮਾਂਡੋ ਜਦੋਂ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨ ਦੇ ਏਬਟਾਬਾਦ 'ਚ ਦਾਖਲ ਹੋ ਕੇ ਮਾਰ ਸਕਦੇ ਹਨ, ਤਾਂ ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਵੀ ਅਜਿਹਾ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਕਿਸੇ ਦੇਸ਼ ਲਈ ਇਕ ਹਫਤੇ ਦਾ ਸਮਾਂ ਬਹੁਤ ਹੁੰਦਾ ਹੈ। ਜੇਕਰ ਪਿਛਲੇ 24 ਘੰਟਿਆਂ ਨੂੰ ਦੇਖੀਏ ਤਾਂ ਇਕ ਹਫਤਾ ਇਕ ਦਿਨ ਵਰਗਾ ਨਜ਼ਰ ਆਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਅਮਰੀਕਾ ਕਰ ਸਕਦਾ ਹੈ ਤਾਂ ਕੀ ਅਸੀਂ ਨਹੀਂ ਕਰ ਸਕਦੇ।