ਧਾਰਾ 370 ਨੂੰ ਖਤਮ ਕਰਨਾ ਜੰਮੂ-ਕਸ਼ਮੀਰ ''ਚ ਵਿਕਾਸ ਅਤੇ ਸ਼ਾਂਤੀ ਦੇ ਨਵੇਂ ਦੌਰ ਦੀ ਸ਼ੁਰੂਆਤ: ਚੁੱਘ
Sunday, Sep 01, 2024 - 03:59 PM (IST)

ਸ਼੍ਰੀਨਗਰ- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਐਤਵਾਰ ਨੂੰ ਕਿਹਾ ਕਿ ਧਾਰਾ-370 ਨੂੰ ਰੱਦ ਕਰਨ ਨਾਲ ਜੰਮੂ-ਕਸ਼ਮੀਰ 'ਚ ਵਿਕਾਸ ਅਤੇ ਸ਼ਾਂਤੀ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਹੋਈ ਹੈ। ਚੁੱਘ ਨੇ ਇੱਥੇ ਪਾਰਟੀ ਵਰਕਰਾਂ ਨਾਲ ਬੈਠਕ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਾਰਾ-370 ਨੂੰ ਰੱਦ ਕੀਤੇ ਜਾਣ ਨਾਲ ਭ੍ਰਿਸ਼ਟਾਚਾਰ ਦੀਆਂ ਦੁਕਾਨਾਂ ਬੰਦ ਹੋ ਗਈਆਂ ਅਤੇ ਉਹ ਕਦੇ ਮੁੜ ਨਹੀਂ ਖੁੱਲ੍ਹਣਗੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ 5 ਅਗਸਤ 2019 ਨੂੰ ਇਸ ਖੇਤਰ ਵਿਚ ਤਰੱਕੀ ਅਤੇ ਤਬਦੀਲੀ ਦਾ ਇਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲ ਲਾਇਆ ਅਤੇ ਅਬਦੁੱਲਾ, ਮੁਫ਼ਤੀ ਅਤੇ ਗਾਂਧੀ-ਨਹਿਰੂ ਪਰਿਵਾਰਾਂ ਨੂੰ ਖਾਰਜ ਕਰ ਦਿੱਤਾ, ਜੋ ਆਪਣੀ ਹਉਮੈ ਅਤੇ ਭ੍ਰਿਸ਼ਟਾਚਾਰ ਕਾਰਨ ਇਸ ਖੇਤਰ ਦਾ ਸ਼ੋਸ਼ਣ ਕਰ ਰਹੇ ਹਨ।
ਚੁੱਘ ਨੇ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਇਕ ਭੁਲੇਖਾ ਪਾਉਣ ਵਾਲਾ ਵਿਅਕਤੀ ਕਿਹਾ, ਜਿਸ ਨੇ ਧਾਰਾ 370 ਬਾਰੇ ਭੰਬਲਭੂਸਾ ਪੈਦਾ ਕੀਤਾ ਅਤੇ ਜਨਤਾ ਨੂੰ ਗੁੰਮਰਾਹ ਕੀਤਾ। ਉਨ੍ਹਾਂ ਕਿਹਾ ਕਿ ਅਬਦੁੱਲਾ ‘ਵਰਲਡਜ਼ ਮੋਸਟ ਕੰਫਿਊਜ਼ਡ ਮੈਨ ਐਵਾਰਡ’ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ 100 ਫੀਸਦੀ ਭੰਬਲਭੂਸੇ ਵਾਲੀ ਲੀਡਰਸ਼ਿਪ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨੇ ਨਕਾਰ ਦਿੱਤਾ ਹੈ।
ਚੁੱਘ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਜੰਮੂ-ਕਸ਼ਮੀਰ ਦੇ ਲੋਕ ਖੁਸ਼ੀ, ਸ਼ਾਂਤੀ, ਵਿਕਾਸ ਅਤੇ ਆਤਮ ਵਿਸ਼ਵਾਸ ਦਾ ਅਨੁਭਵ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਾ 370 ਅਤੇ 35ਏ ਦੇ ਜ਼ਿਆਦਾਤਰ ਉਪਬੰਧਾਂ ਨੂੰ ਰੱਦ ਕਰਨਾ ਇਸ ਖੇਤਰ ਦੇ ਵਿਕਾਸ ਲਈ ਇਕ ਮਹੱਤਵਪੂਰਨ ਕਦਮ ਸੀ। ਜਿਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਲੁੱਟਿਆ ਹੈ, ਉਹ ਮੁੜ ਕਦੇ ਕਾਮਯਾਬ ਨਹੀਂ ਹੋਣਗੇ, ਉਨ੍ਹਾਂ ਦੀਆਂ ਭ੍ਰਿਸ਼ਟਾਚਾਰ ਦੀਆਂ ਦੁਕਾਨਾਂ ਹਮੇਸ਼ਾ ਲਈ ਬੰਦ ਕਰ ਦਿੱਤੀਆਂ ਗਈਆਂ ਹਨ।