ਸਾਈਬਰ ਧੋਖਾਦੇਹੀ ਮਾਮਲੇ ’ਚ ਚੀਨੀ ਨਾਗਰਿਕ ਗ੍ਰਿਫਤਾਰ
Wednesday, Nov 20, 2024 - 12:38 AM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਸ਼ਾਹਦਰਾ ’ਚ 43 ਲੱਖ ਰੁਪਏ ਦੀ ਕਥਿਤ ਸਾਈਬਰ ਧੋਖਾਦੇਹੀ ਦੇ ਮਾਮਲੇ ’ਚ ਇਕ ਚੀਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਆਫ ਪੁਲਸ ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਗ੍ਰਿਫਤਾਰੀ ਨੇ ਪੁਲਸ ਨੂੰ ਸੋਸ਼ਲ ਮੀਡੀਆ ’ਤੇ 100 ਕਰੋੜ ਰੁਪਏ ਤੋਂ ਵੱਧ ਦੇ ‘ਆਨਲਾਈਨ ਸਟਾਕ ਵਪਾਰ’ ਦੇ ਦੱਸੇ ਜਾ ਰਹੇ ਘਪਲੇ ਦਾ ਪਤਾ ਲਾਉਣ ’ਚ ਮਦਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਫ਼ਦਰਜੰਗ ਐਨਕਲੇਵ ਦੇ ਰਹਿਣ ਵਾਲੇ ਚੀਨੀ ਨਾਗਰਿਕ ਫੇਂਗ ਚੇਨਜਿਨ ਵਜੋਂ ਹੋਈ ਹੈ। ਜੁਲਾਈ ’ਚ ਸਾਈਬਰ ਕ੍ਰਾਈਮ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਨੂੰ ਸਟਾਕ ਮਾਰਕੀਟ ’ਚ ਜਾਅਲੀ ਸਿਖਲਾਈ ਸੈਸ਼ਨਾਂ ਦੌਰਾਨ ਲਾਲਚ ਦਿੱਤਾ ਗਿਆ ਤੇ ਬਾਅਦ ’ਚ ਕਈ ਕਿਸ਼ਤਾਂ ’ਚ ਨਿਵੇਸ਼ ਦੇ ਨਾਂ ’ਤੇ 43.5 ਲੱਖ ਰੁਪਏ ਦੀ ਠੱਗੀ ਕੀਤੀ ਗਈ।