ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ
Thursday, Nov 18, 2021 - 12:05 AM (IST)
ਲਖਨਊ - ਲਖਨਊ ਦੀ ਇੱਕ ਅਦਾਲਤ ਨੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਇੱਕ ਪ੍ਰੋਗਰਾਮ ਨੂੰ ਮਨਮਾਨੇ ਤਰੀਕੇ ਨਾਲ ਰੱਦ ਕਰਨ ਅਤੇ ਟਿਕਟ ਖਰੀਦਣ ਵਾਲਿਆਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ਼ਾਂਤਨੂੰ ਤਿਆਗੀ ਦੀ ਅਦਾਲਤ ਨੇ ਇਹ ਵਾਰੰਟ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ 22 ਨਵੰਬਰ ਤੈਅ ਕੀਤੀ ਹੈ। ਦਾਰੋਗਾ ਫਿਰੋਜ਼ ਖਾਨ ਨੇ 14 ਅਕਤੂਬਰ 2018 ਨੂੰ ਇਸ ਸਿਲਸਿਲੇ ਵਿੱਚ ਆਸ਼ਿਆਨਾ ਥਾਣੇ ਵਿੱਚ ਮੁਕੱਦਮਾ ਦਰਜ ਕਰਾਇਆ ਸੀ।
ਇਹ ਵੀ ਪੜ੍ਹੋ- ਵਸੂਲੀ ਮਾਮਲਾ: ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ
ਇਸ ਮੁਕੱਦਮੇ ਵਿੱਚ ਸਪਨਾ ਤੋਂ ਇਲਾਵਾ ਪ੍ਰੋਗਰਾਮ ਦੇ ਪ੍ਰਬੰਧਕ ਜੁਨੈਦ ਅਹਿਮਦ, ਨਵੀਨ ਸ਼ਰਮਾ, ਇਵਾਦ ਅਲੀ, ਅਮਿਤ ਪੰਡਿਤ ਅਤੇ ਰਤਨਾਕਰ ਉਪਾਧਿਆਏ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ। ਮੁਕੱਦਮੇ ਵਿੱਚ ਦੋਸ਼ ਹੈ ਕਿ ਡਾਂਸਰ ਸਪਨਾ ਚੌਧਰੀ ਨੂੰ 13 ਅਕਤੂਬਰ 2018 ਨੂੰ ਸਮ੍ਰਿਤੀ ਉਪਵਨ ਵਿੱਚ ਦੁਪਹਿਰ ਤਿੰਨ ਵਜੇ ਤੋਂ ਰਾਤ 10 ਵਜੇ ਤੱਕ ਪ੍ਰੋਗਰਾਮ ਪੇਸ਼ ਕਰਨਾ ਸੀ। ਇਸ ਦੇ ਲਈ 300 ਰੁਪਏ ਪ੍ਰਤੀ ਟਿਕਟ ਦੀ ਦਰ ਨਾਲ ਟਿਕਟ ਵੇਚੇ ਗਏ ਸਨ। ਪ੍ਰੋਗਰਾਮ ਲਈ ਸਮ੍ਰਿਤੀ ਉਪਵਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਸਨ ਪਰ ਜਦੋਂ ਸਪਨਾ ਰਾਤ 10 ਵਜੇ ਤੱਕ ਪ੍ਰੋਗਰਾਮ 'ਤੇ ਨਹੀਂ ਪਹੁੰਚੀ ਤਾਂ ਭੀੜ ਨੇ ਟਿਕਟ ਦਾ ਪੈਸਾ ਵਾਪਸ ਦੇਣ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ ਸੀ। ਹਾਲਾਂਕਿ, ਉਨ੍ਹਾਂਨੂੰ ਪੈਸੇ ਵਾਪਸ ਨਹੀਂ ਕੀਤੇ ਗਏ। ਅਦਾਲਤ ਇਸ ਸਬੰਧੀ ਮਾਮਲਾ ਖ਼ਤਮ ਕਰਨ ਦੀ ਅਪੀਲ ਵਾਲੀ ਸਪਨਾ ਚੌਧਰੀ ਦੀ ਮੰਗ ਨੂੰ ਪਹਿਲਾਂ ਹੀ ਖਾਰਿਜ ਕਰ ਚੁੱਕੀ ਹੈ। ਹੁਣ ਅਦਾਲਤ ਸਪਨਾ ਅਤੇ ਇਸ ਮਾਮਲੇ ਦੇ ਹੋਰ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।