ਕੇਜਰੀਵਾਲ ਦੀ ਗ੍ਰਿਫ਼ਤਾਰੀ: ''ਆਪ'' ਵਿਧਾਇਕਾਂ ਦੇ ਵਿਰੋਧ ਦਰਮਿਆਨ ਦਿੱਲੀ ਵਿਧਾਨ ਸਭਾ ਕੁਝ ਸਮੇਂ ਲਈ ਮੁਲਤਵੀ

Wednesday, Mar 27, 2024 - 12:44 PM (IST)

ਕੇਜਰੀਵਾਲ ਦੀ ਗ੍ਰਿਫ਼ਤਾਰੀ: ''ਆਪ'' ਵਿਧਾਇਕਾਂ ਦੇ ਵਿਰੋਧ ਦਰਮਿਆਨ ਦਿੱਲੀ ਵਿਧਾਨ ਸਭਾ ਕੁਝ ਸਮੇਂ ਲਈ ਮੁਲਤਵੀ

ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਵਿਰੋਧ ਜਤਾਇਆ, ਜਿਸ ਦੇ ਚੱਲਦੇ ਸਦਨ ਦੀ ਕਾਰਵਾਈ ਨੂੰ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ 15 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ। ਸੈਸ਼ਨ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ ਅਤੇ ਕੇਜਰੀਵਾਲ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਆਤਿਸ਼ੀ ਅਤੇ ਸੌਰਭ ਭਾਰਦਵਾਜ ਸਮੇਤ ਪਾਰਟੀ ਦੇ ਹੋਰ ਨੇਤਾਵਾਂ ਨੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਨੇ ਪੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਸੀ, ਜਿਸ 'ਤੇ 'ਮੈਂ ਵੀ ਕੇਜਰੀਵਾਲ' ਅਤੇ 'ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ' ਵਰਗੇ ਨਾਅਰੇ ਲਿਖੇ ਹੋਏ ਸਨ।

ਆਤਿਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ 'ਆਪ' ਦੇ ਸਾਰੇ ਵਿਧਾਇਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੇਸ਼ ਵਿਚ ਲੋਕਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਵੀ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ। ਕੇਜਰੀਵਾਲ ਨੂੰ ਪਿਛਲੇ ਹਫਤੇ ਈਡੀ ਨੇ ਹੁਣ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿਚ ਹਨ। ਮੁੱਖ ਮੰਤਰੀ ਨੇ ਗ੍ਰਿਫ਼ਤਾਰੀ ਖਿਲਾਫ਼ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।


author

Tanu

Content Editor

Related News