ਫੌਜ ਭਰਤੀ ਘਪਲੇ ''ਚ CBI ਦੀ ਛਾਪੇਮਾਰੀ, ਲੈਫਟੀਨੈਂਟ ਕਰਨਲ ਸਮੇਤ 17 ਅਧਿਕਾਰੀਆਂ ''ਤੇ ਕੇਸ ਦਰਜ
Tuesday, Mar 16, 2021 - 02:47 AM (IST)

ਨਵੀਂ ਦਿੱਲੀ - ਫੌਜ ਭਰਤੀ ਵਿੱਚ ਘਪਲੇ ਦੇ ਸਿਲਸਿਲੇ ਵਿੱਚ ਸੀ.ਬੀ.ਆਈ. ਨੇ ਸੋਮਵਾਰ ਨੂੰ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਉਥੇ ਹੀ ਇਸ ਮਾਮਲੇ ਵਿੱਚ ਸੀ.ਬੀ.ਆਈ. ਵਲੋਂ ਫੌਜ ਦੇ 17 ਅਧਿਕਾਰੀਆਂ 'ਤੇ ਕੇਸ ਦਰਜ ਕੀਤਾ ਗਿਆ ਹੈ। ਜੋ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਛਾਪੇਮਾਰੀ ਦੌਰਾਨ ਸੀ.ਬੀ.ਆਈ. ਨੇ ਕਈ ਦਸਤਾਵੇਜ ਬਰਾਮਦ ਕੀਤੇ ਹਨ। ਸੀ.ਬੀ.ਆਈ. ਨੇ ਜੋ ਬਿਆਨ ਜਾਰੀ ਕੀਤਾ ਹੈ ਉਸ ਮੁਤਾਬਕ ਕੁਲ 30 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਵਿੱਚ ਬੇਸ ਹਸਪਤਾਲ, ਛਾਉਣੀ, ਫੌਜ ਦੇ ਹੋਰ ਅਦਾਰੇ, ਕਪੂਰਥਲਾ, ਭਠਿੰਡਾ, ਦਿੱਲੀ, ਕੈਥਲ, ਪਲਵਾਨ, ਲਖਨਊ, ਬਰੇਲੀ, ਗੋਰਖਪੁਰ, ਵਿਸ਼ਾਖਾਪਟਨਮ, ਜੈਪੁਰ, ਜੋਰਹਾਟ ਅਤੇ ਚਿਰਾਂਗੋਂ ਸ਼ਾਮਿਲ ਹੈ।
ਸੀ.ਬੀ.ਆਈ. ਨੇ ਦੱਸਿਆ ਕਿ ਫੌਜ ਭਰਤੀ ਗੜਬੜੀ ਮਾਮਲੇ ਵਿੱਚ ਲੈਫਟੀਨੈਂਟ ਕਰਨਲ, ਮੇਜਰ, ਨਾਇਬ ਸੂਬੇਦਾਰ, ਸਿਪਾਹੀ ਆਦਿ ਸਮੇਤ 17 ਫੌਜੀ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫੌਜ ਮੁੱਖ ਦਫ਼ਤਰ ਨੇ ਇਸ ਸੰਬੰਧ ਵਿੱਚ ਖੁਦ ਸੀ.ਬੀ.ਆਈ. ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਫੌਜ ਮੁੱਖ ਦਫ਼ਤਰ ਨੇ ਸੀ.ਬੀ.ਆਈ. ਨੂੰ ਦੱਸਿਆ ਸੀ ਕਿ ਭਰਤੀ ਕਾਂਡ ਵਿੱਚ ਪੈਸੇ ਨਗਦ ਤੋਂ ਇਲਾਵਾ ਚੈਕ ਦੇ ਜ਼ਰੀਏ ਵੀ ਦਿੱਤੀ ਗਈ ਸੀ। ਇੰਨਾ ਹੀ ਨਹੀਂ ਪੈਸੇ ਬੈਂਕ ਟੂ ਬੈਂਕ ਵੀ ਟਰਾਂਸਫਰ ਕੀਤੇ ਗਏ ਸਨ। ਤੁਹਾਨੂੰ ਦੱਸ ਦਈਏ ਕਿ ਸੇਵਾ ਚੋਣ ਬੋਰਡ ਦੇ ਜ਼ਰੀਏ ਅਧਿਕਾਰੀਆਂ ਅਤੇ ਹੋਰ ਰੈਂਕਾਂ ਦੀ ਭਰਤੀ ਵਿੱਚ ਰਿਸ਼ਵਤ ਅਤੇ ਬੇਨਿਯਮੀਆਂ ਨਾਲ ਸਬੰਧਿਤ ਦੋਸ਼ਾਂ 'ਤੇ 6 ਨਿਜੀ ਵਿਅਕਤੀਆਂ 'ਤੇ ਵੀ ਕੇਸ ਦਰਜ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।