ਪੁਲਵਾਮਾ ਤੋਂ ਬਾਅਦ ਨੌਸ਼ਹਿਰਾ ’ਚ ਆਈ. ਈ. ਡੀ. ਧਮਾਕਾ, ਫੌਜ ਦਾ ਮੇਜਰ ਸ਼ਹੀਦ

Saturday, Feb 16, 2019 - 06:33 PM (IST)

ਪੁਲਵਾਮਾ ਤੋਂ ਬਾਅਦ ਨੌਸ਼ਹਿਰਾ ’ਚ ਆਈ. ਈ. ਡੀ. ਧਮਾਕਾ, ਫੌਜ ਦਾ ਮੇਜਰ ਸ਼ਹੀਦ

ਨੌਸ਼ਹਿਰਾ-ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਪਿੱਛੋਂ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸ਼ਨੀਵਾਰ ਪਾਕਿਸਤਾਨੀ ਫੌਜ ਵਲੋਂ ਨੌਸ਼ਹਿਰਾ ਸੈਕਟਰ ਦੀ ਅਸ਼ੋਕ ਪੋਸਟ ’ਚ ਲਾਏ ਗਏ ਸ਼ਕਤੀਸ਼ਾਲੀ ਆਈ. ਈ. ਡੀ. ਧਮਾਕੇ ਨਾਲ ਫੌਜ ਦਾ ਇਕ ਮੇਜਰ ਸ਼ਹੀਦ ਹੋ ਗਿਆ, ਜਦਕਿ 2 ਹੋਰ ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹੈਲੀਕਾਪਟਰ ਰਾਹੀਂ ਊਧਮਪੁਰ ਦੇ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਫੌਜ ਦੀ 2/1 ਜੀ. ਆਰ. ਵਿਚ ਤਾਇਨਾਤ ਮੇਜਰ ਚਕਰੇਸ਼ ਆਪਣੇ 2 ਸਾਥੀਆਂ ਨਾਲ 4 ਵਜੇ ਐੱਲ. ਓ. ਸੀ. ਵਿਖੇ ਨੌਸ਼ਹਿਰਾ ਸੈਕਟਰ ਦੀ ਝੰਗਰ ਸਰਯਾ ਦੀ ਅਸ਼ੋਕ ਪੋਸਟ ਵੱਲ ਜਾ ਰਹੇ ਸਨ। ਪਾਕਿਸਤਾਨ ਨੇ ਭਾਰਤੀ ਇਲਾਕੇ ਅੰਦਰ ਘੁਸਪੈਠ ਕਰ ਕੇ ਸ਼ਕਤੀਸ਼ਾਲੀ ਆਈ. ਈ. ਡੀ. ਲਾਈ ਹੋਈ ਸੀ, ਜਿਸ ਬਾਰੇ ਭਾਰਤੀ ਫੌਜ ਨੂੰ ਪਤਾ ਲੱਗਾ ਗਿਆ ਸੀ ਤੇ ਉਸ ਨੂੰ ਨਸ਼ਟ ਕਰਨ ਲਈ ਮੇਜਰ ਚਕਰੇਸ਼ ਤੇ 2 ਜਵਾਨਾਂ ਨੂੰ ਭੇਜਿਆ ਗਿਆ ਸੀ। ਮੇਜਰ ਫੌਜ ਦੀ ਇੰਜੀਨੀਅਰਿੰਗ ਵਿੰਗ ਵਿਚ ਤਾਇਨਾਤ ਸਨ ਅਤੇ ਉਨ੍ਹਾਂ ਦੀ ਪਲਟਨ ਰਾਜੌਰੀ ਵਿਖੇ ਤਾਇਨਾਤ ਹੈ।

ਸੂਤਰਾਂ ਮੁਤਾਬਕ ਮੇਜਰ ਨੇ ਆਈ. ਈ. ਡੀ. ਨੂੰ ਨਸ਼ਟ ਕਰਨ ਲਈ ਐਂਟੀ-ਐਕਸਪਲੋਸਿਵ ਕਸਟਿਊਮ ਪਹਿਨਿਆ ਹੋਇਆ ਸੀ ਪਰ ਆਈ. ਈ. ਡੀ. ਦਾ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਲੋਂ ਭਾਰਤੀ ਖੇਤਰ ਵਿਚ ਆਈ. ਈ. ਡੀ. ਲਾ ਕੇ ਧਮਾਕੇ ਕੀਤੇ ਜਾਂਦੇ ਰਹੇ ਹਨ। ਹੁਣ ਮੁੜ ਇਸ ਨੀਤੀ ਨੂੰ ਅਪਣਾਇਆ ਗਿਆ ਹੈ।


author

Iqbalkaur

Content Editor

Related News