ਨੌਜਵਾਨਾਂ ’ਚ ਦੇਸ਼ ਪ੍ਰਤੀ ਜੋਸ਼ ਭਰਨ ਲਈ ਫ਼ੌਜ ਦੀ ਦਿੱਲੀ ਤੋਂ ਕਾਰਗਿਲ ਤੱਕ ਸਾਈਕਲ ਮੁਹਿੰਮ

07/02/2022 3:18:53 PM

ਨਵੀਂ ਦਿੱਲੀ– ਫ਼ੌਜ ਅਤੇ ਹਵਾਈ ਫ਼ੌਜ ਦਾ ਇਕ ਸਾਂਝਾ ਸਾਈਕਲ ਦਲ ਸ਼ਨੀਵਾਰ ਨੂੰ ਵਿਸ਼ੇਸ਼ ਮੁਹਿੰਮ ਤਹਿਤ ਕਾਰਗਿਲ ਲਈ ਰਵਾਨਾ ਹੋਇਆ ਅਤੇ ਇਹ 24 ਦਿਨ ’ਚ 1600 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ। ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਆਯੋਜਿਤ ਇਸ ਸਾਈਕਲ ਮੁਹਿੰਮ ’ਚ 20 ਫ਼ੌਜੀ ਅਤੇ ਹਵਾਈ ਯੋਧੇ ਹਿੱਸਾ ਲੈ ਰਹੇ ਹਨ। ਇਨ੍ਹਾਂ ਦੀ ਅਗਵਾਈ ਫ਼ੌਜ ਅਤੇ ਹਵਾਈ ਫ਼ੌਜ ਦੀਆਂਤ ਦੋ ਪ੍ਰਤਿਭਾਸ਼ਾਲੀ ਮਹਿਲਾ ਅਧਿਕਾਰੀ ਕਰਨਗੇ। ਇਸ ਨੂੰ ਜਨਰਲ ਐਮ.ਯੂ ਨਾਇਰ ਅਤੇ ਪੱਛਮੀ ਏਅਰ ਕਮਾਂਡ ਦੇ ਸੀਨੀਅਰ ਏਅਰ ਸਟਾਫ ਅਫਸਰ ਏਅਰ ਮਾਰਸ਼ਲ ਆਰ ਰਾਧਿਸ਼ ਨੇ ਸਾਂਝੇ ਤੌਰ 'ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਮੁਹਿੰਮ ਦਲ 24 ਦਿਨਾਂ 'ਚ 1600 ਕਿਲੋਮੀਟਰ ਦੀ ਦੂਰੀ ਤੈਅ ਕਰਕੇ 26 ਜੁਲਾਈ ਨੂੰ ਦਰਾਸ ਸਥਿਤ ਕਾਰਗਿਲ ਜੰਗੀ ਯਾਦਗਾਰ 'ਤੇ ਪਹੁੰਚ ਕੇ ਕਾਰਗਿਲ ਜੰਗ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰੇਗਾ। ਸਾਈਕਲਿੰਗ ਟੀਮ ਦੀ ਅਗਵਾਈ ਕੋਰ ਆਫ ਸਿਗਨਲ ਦੀ ਮੇਜਰ ਸ੍ਰਿਸ਼ਟੀ ਸ਼ਰਮਾ ਕਰੇਗੀ। ਮੇਜਰ ਸ੍ਰਿਸ਼ਟੀ ਸ਼ਰਮਾ ਦੂਜੀ ਪੀੜ੍ਹੀ ਦੇ ਅਧਿਕਾਰੀ ਹਨ, ਜਿਨ੍ਹਾਂ ਨੂੰ ਵੱਖ-ਵੱਖ ਤਕਨਾਲੋਜੀ ਆਧਾਰਿਤ ਗੁਪਤ ਕਾਰਜਾਂ ਵਿਚ ਯੋਗਦਾਨ ਲਈ 2019 ’ਚ ਚੀਫ਼ ਆਫ਼ ਇੰਟੀਗ੍ਰੇਟਿਡ ਸਟਾਫ਼ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਸੀ। ਓਧਰ ਹਵਾਈ ਫ਼ੌਜ ਵਲੋਂ ਸਾਈਕਲਿੰਗ ਦਲ ਦੀ ਅਗਵਾਈ ਸਕੁਐਡਰਨ ਲੀਡਰ ਮੇਨਕਾ ਕਰ ਰਹੀ ਹੈ, ਜਿਸ ਨੇ ਆਪਣੀ 10 ਸਾਲਾਂ ਦੀ ਸੇਵਾ ਦੌਰਾਨ ਬਿਦਰ, ਗਵਾਲੀਅਰ ਅਤੇ ਦਿਓਲਾਲੀ ਵਿਖੇ ਲੌਜਿਸਟਿਕ ਅਫਸਰ ਵਜੋਂ ਸੇਵਾ ਨਿਭਾਈ ਹੈ।

ਹਿਮਾਚਲ ਪ੍ਰਦੇਸ਼ ’ਚ ਦਾਖਲ ਹੋਣ ਤੋਂ ਬਾਅਦ ਲੱਦਾਖ ਵੱਲ ਵਧਦੇ ਹੋਏ ਮੁਹਿੰਮ ਦਲ ਨੂੰ ਉੱਚਾਈ ਵਾਲੇ ਖੇਤਰਾਂ ’ਚ ਔਖੀਆਂ ਚੁਣੌਤੀਆਂ ਅਤੇ ਆਕਸੀਜਨ ਦੀ ਕਮੀ ਨਾਲ ਨਜਿੱਠਣਾ ਹੋਵੇਗਾ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮੁਹਿੰਮ ਦਲ ਨੇ ਕਾਫੀ ਸਮਾਂ ਪਹਿਲਾਂ ਅਭਿਆਸ ਸ਼ੁਰੂ ਕਰ ਦਿੱਤਾ ਸੀ। ਇਸ ਮੁਹਿੰਮ ਦਾ ਮੁੱਖ ਟੀਚਾ ਭਾਰਤੀ ਨੌਜਵਾਨਾਂ ’ਚ ਦੇਸ਼ ਪ੍ਰਤੀ ਊਰਜਾ ਭਰਨਾ ਹੈ। ਸਾਈਕਲ ਟੀਮ ਇਹ ਕੰਮ ਕਰੇਗੀ ਅਤੇ ਇਸ ਦੌਰਾਨ ਉਹ ਰਸਤੇ ਵਿਚ ਕਈ ਥਾਵਾਂ ’ਤੇ ਸਕੂਲੀ ਬੱਚਿਆਂ ਨਾਲ ਗੱਲਬਾਤ ਵੀ ਕਰੇਗੀ। 
 


Tanu

Content Editor

Related News