ਜੰਮੂ ਕਸ਼ਮੀਰ : ਲੋੜਵੰਦਾਂ ਤੱਕ ਮਦਦ ਪਹੁੰਚਾਉਣ ਲਈ ਫ਼ੌਜ ਨੇ ਸ਼ੁਰੂ ਕੀਤੀ ਅਨੋਖੀ ਪਹਿਲ

Wednesday, Jun 30, 2021 - 12:47 PM (IST)

ਜੰਮੂ- ਜੰਮੂ ਕਸ਼ਮੀਰ 'ਚ ਲੋੜਵੰਦਾਂ ਤੱਕ ਮਦਦ ਪਹੁੰਚਾਉਣ ਦੀ ਅਨੋਖੀ ਪਹਿਲ ਕਰਦੇ ਹੋਏ ਫ਼ੌਜ ਨੇ ਰਾਜੌਰੀ ਜ਼ਿਲ੍ਹੇ 'ਚ ਐਡਵਾਂਸ ਲੈਂਡਿੰਗ ਗਰਾਊਂਡ (ਏ.ਐੱਲ.ਜੀ.) ਨਾਲ ਲੱਗੇ ਆਪਣੇ ਕੈਂਪ ਦੇ ਬਾਹਰ 'ਦਯਾ ਕੀ ਦੀਵਾਰ' ਖੜ੍ਹੀ ਕੀਤੀ ਹੈ। ਇਸ ਪਹਿਲ ਦੇ ਅਧੀਨ ਫ਼ੌਜ ਦੇ ਕੈਂਪ ਦੇ ਬਾਹਰ ਰੱਖੀਆਂ ਸਟੀਲ ਦੀਆਂ 2 ਖੁੱਲ੍ਹੀਆਂ ਅਲਮਾਰੀਆਂ 'ਚ ਖਾਣੇ ਦਾ ਸਾਮਾਨ, ਕੱਪੜੇ ਅਤੇ ਬੂਟ ਰੱਖੇ ਗਏ ਹਨ। ਇਹ ਨਾ ਸਿਰਫ਼ ਲੋੜਵੰਦਾਂ ਦੀ ਮਦਦ ਦੇ ਫ਼ੌਜ ਦੇ ਮਿਸ਼ਨ ਨੂੰ ਦਿਖਾਉਂਦਾ ਹੈ ਸਗੋਂ ਸਥਾਨਕ ਲੋਕਾਂ ਦੇ ਦਿਲਾਂ ਨੂੰ ਵੀ ਜਿੱਤ ਰਿਹਾ ਹੈ। ਜੰਮੂ ਸਥਿਤ ਫ਼ੌਜ ਦੇ ਜਨਸੰਪਰਕ ਅਧਿਕਾਰੀ ਕਰਨਲ ਦੇਵੇਂਦਰ ਆਨੰਦ ਨੇ ਕਿਹਾ,''ਇਹ ਐੱਸ. ਆਫ਼ ਸਪੇਡਸ ਡਿਵੀਜ਼ਨ ਦੀ ਪਹਿਲ ਹੈ ਅਤੇ 'ਦਯਾ ਕੀ ਦੀਵਾਰ' ਦਾ ਮਕਸਦ ਸਮਾਜ ਦੇ ਕਮਜ਼ੋਰ ਤਬਕਿਆਂ ਨੂੰ ਜ਼ਰੂਰਤ ਦੇ ਸਾਮਾਨ ਚੁਣਨ ਦੀ ਆਜ਼ਾਦੀ ਦੇ ਕੇ ਉਨ੍ਹਾਂ ਦੀ ਮਦਦ ਕਰਨਾ ਹੈ।'' ਉਨ੍ਹਾਂ ਕਿਹਾ ਕਿ ਲੋਕਾਂ ਨੇ ਇਸ ਨੂੰ ਚੰਗੀ ਭਾਵਨਾ ਨਾਲ ਲਿਆ ਹੈ ਅਤੇ ਦਾਨ ਕਰਨ ਵਾਲਿਆਂ ਅਤੇ ਲੋੜਵੰਦਾਂ ਵਲੋਂ ਸਕਾਰਾਤਮਕ ਪ੍ਰਤੀਕਿਰਿਆ ਦੇਖੀ ਜਾ ਸਕਦੀ ਹੈ।

ਲੈਫਟੀਨੈਂਟ ਕਰਨਲ ਆਨੰਦ ਅਨੁਸਾਰ ਰੋਟਰੀ ਕਲੱਬ ਅਤੇ ਰਾਜੌਰੀ ਪੁਲਸ ਇਸ ਅਨੋਖੀ ਪਹਿਲ 'ਚ ਮਦਦ ਦੇ ਰਹੇ ਹਨ। ਫ਼ੌਜ ਨੇ ਇਸ ਪਹਿਲ 'ਚ ਮਦਦ ਲਈ ਲੋਕਾਂ ਤੋਂ ਅੰਗਰੇਜ਼ੀ, ਹਿੰਦੀ ਅਤੇ ਉਰਦੂ ਸਮੇਤ ਵੱਖ-ਵੱਖ ਭਾਸ਼ਾਵਾਂ 'ਚ ਅਪੀਲ ਕੀਤੀ ਹੈ। ਅਜਿਹੇ ਹੀ ਇਕ ਸੰਦੇਸ਼ 'ਚ ਲਿਖਿਆ ਹੈ,''ਤੁਹਾਡੇ ਲਈ ਜੋ ਸਾਮਾਨ ਉਪਯੋਗੀ ਨਹੀਂ ਹੈ, ਉਹ ਦੂਜਿਆਂ ਦੇ ਕੰਮ ਦਾ ਹੋ ਸਕਦਾ ਹੈ। ਤੁਹਾਨੂੰ ਅਪੀਲ ਹੈ ਕਿ ਹੱਥ ਵਧਾਓ ਅਤੇ ਸਾਮਾਨ ਦਾਨ ਕਰੋ, ਜਿਸ ਨਾਲ ਲੋੜਵੰਦਾਂ ਦੀ ਮਦਦ ਹੋ ਸਕੇ।'' ਲੈਫਟੀਨੈਂਟ ਕਰਨਲ ਆਨੰਦ ਨੇ ਕਿਹਾ ਕਿ ਫ਼ੌਜ ਇਨ੍ਹਾਂ ਅਲਮਾਰੀਆਂ ਦੇ ਖਾਲੀ ਹੁੰਦੇ ਹੀ ਉਨ੍ਹਾਂ ਨੂੰ ਭਰ ਦਿੰਦੀ ਹੈ। ਉਨ੍ਹਾਂ ਕਿਹਾ,''ਇਸ ਕਦਮ ਨਾਲ ਕਈ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਆਈ ਹੈ ਅਤੇ ਲੋਕ ਦਾਨ ਦੇਣ ਲਈ ਵੀ ਉਤਸ਼ਾਹਤ ਹੋਏ ਹਨ। ਲੋਕ ਅੱਗੇ ਆ ਰਹੇ ਹਨ ਅਤੇ ਦਾਨ ਕਰ ਰਹੇ ਹਨ, ਉੱਥੇ ਹੀ ਲੋੜਵੰਦ ਲੋਕ ਬਿਨਾਂ ਕਿਸੇ ਤੋਂ ਮੰਗੇ ਇੱਥੋਂ ਸਾਮਾਨ ਲੈ ਰਹੇ ਹਨ।'' ਸਥਾਨਕ ਨਾਗਰਿਕ ਮੁਹੰਮਦ ਫਾਰੂਖ ਨੇ ਕਿਹਾ,''ਕੁਝ ਦਿਨ ਪਹਿਲਾਂ ਦਯਾ ਕੀ ਦੀਵਾਰ ਬਣਾਈ ਗਈ ਹੈ ਅਤੇ ਲੋੜਵੰਦਾਂ ਨੂੰ ਉੱਥੋਂ ਸਾਮਾਨ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਫ਼ੌਜ ਦੀ ਅਪੀਲ 'ਤੇ ਲੋਕ ਆਪਣਾ ਦਾਨ ਵੀ ਕਰ ਰਹੇ ਹਨ।''


DIsha

Content Editor

Related News