ਹਸਪਤਾਲਾਂ ''ਚ ਇਲਾਜ ਦੇ ਨਾਮ ''ਤੇ ਵਸੂਲ ਰਹੇ ਮਨਮਾਨੀ ਫ਼ੀਸ, ਕਮਰੇ ਦਾ ਕਿਰਾਇਆ 4 ਸਟਾਰ ਹੋਟਲਾਂ ਨਾਲੋਂ ਵੱਧ

09/24/2022 5:56:08 PM

ਨਵੀਂ ਦਿੱਲੀ- ਦੇਸ਼ ਦੇ ਕਈ ਵੱਡੇ ਹਸਪਤਾਲ ਦਵਾਈਆਂ, ਇਲਾਜ ਅਤੇ ਟੈਸਟਾਂ ਲਈ ਮਨਮਾਨੇ ਪੈਸੇ ਵਸੂਲਦੇ ਹਨ। ਇਸ ਨੂੰ ਲੈ ਕੇ ਹਾਲ ਹੀ 'ਚ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ.ਸੀ.ਆਈ.) ਦੇ ਡਾਇਰੈਕਟਰ ਜਨਰਲ ਨੇ 4 ਸਾਲਾਂ ਦੀ ਜਾਂਚ ਤੋਂ ਬਾਅਦ ਕਮਿਸ਼ਨ ਨੂੰ ਰਿਪੋਰਟ ਸੌਂਪੀ ਹੈ। ਇਸ 'ਚ ਕਿਹਾ ਗਿਆ ਹੈ ਕਿ ਦਿੱਲੀ-ਐੱਨ.ਸੀ.ਆਰ. 'ਚ 12 ਸੁਪਰ-ਸਪੈਸ਼ਲਿਟੀ ਹਸਪਤਾਲਾਂ ਨੇ ਕਮਰਿਆਂ ਦੇ ਕਿਰਾਏ, ਦਵਾਈਆਂ ਅਤੇ ਮੈਡੀਕਲ ਉਪਕਰਣਾਂ ਲਈ ਜ਼ਿਆਦਾ ਕੀਮਤ ਵਸੂਲੀ ਅਤੇ ਆਪਣੀ ਸ਼ਕਤੀ ਦੀ ਗਲਤ ਵਰਤੋਂ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਇਹ ਹਸਪਤਾਲ ਐਕਸ-ਰੇ, ਐੱਮ.ਆਰ.ਆਈ., ਅਲਟਰਾਸਾਊਂਡ ਸਕੈਨ ਲਈ ਵੀ ਡਾਇਗਨੌਸਟਿਕ ਸੈਂਟਰ ਦੇ ਮੁਕਾਬਲੇ ਜ਼ਿਆਦਾ ਖਰਚਾ ਲੈਂਦੇ ਸਨ। ਇਹ ਵੀ ਖੁਲਾਸਾ ਹੋਇਆ ਹੈ ਕਿ ਹਸਪਤਾਲਾਂ ਦੇ ਕਮਰੇ ਦਾ ਕਿਰਾਇਆ 3 ਸਟਾਰ ਅਤੇ 4 ਸਟਾਰ ਹੋਟਲਾਂ ਨਾਲੋਂ ਵੀ ਵੱਧ ਹੈ।

ਇਹ ਹਸਪਤਾਲ ਹਨ ਜਾਂਚ ਦੇ ਘੇਰੇ 'ਚ 

ਇਨ੍ਹਾਂ 'ਚ ਅਪੋਲੋ ਹਸਪਤਾਲ, ਮੈਕਸ ਹੈਲਥਕੇਅਰ, ਫੋਰਟਿਸ ਹੈਲਥਕੇਅਰ, ਸਰ ਗੰਗਾ ਰਾਮ ਹਸਪਤਾਲ, ਬੱਤਰਾ ਹਸਪਤਾਲ ਅਤੇ ਮੈਡੀਕਲ ਖੋਜ ਅਤੇ ਸੇਂਟ ਸਟੀਫਨ ਹਸਪਤਾਲ ਸ਼ਾਮਲ ਹਨ। ਜਾਂਚ ਦੇ ਦਾਇਰੇ 'ਚ ਮੈਕਸ ਦੇ 6 ਅਤੇ ਫੋਰਟਿਸ ਦੇ 2 ਹਸਪਤਾਲ ਸਨ।

ਕਮਿਸ਼ਨ ਨੇ ਹਸਪਤਾਲਾਂ ਤੋਂ ਜਵਾਬ ਮੰਗਿਆ ਹੈ

ਕਮਿਸ਼ਨ ਨੇ ਇਨ੍ਹਾਂ ਹਸਪਤਾਲਾਂ ਤੋਂ ਜਵਾਬ ਮੰਗਿਆ ਸੀ। ਇਸ ਮਾਮਲੇ 'ਚ ਕਮਿਸ਼ਨ ਦੀ ਵੀ ਜਲਦੀ ਹੀ ਮੀਟਿੰਗ ਹੋਣ ਜਾ ਰਹੀ ਹੈ। ਜਵਾਬ ਦੇ ਆਧਾਰ 'ਤੇ ਇਹ ਤੈਅ ਕੀਤਾ ਜਾਵੇਗਾ ਕਿ ਹਸਪਤਾਲਾਂ ਨੂੰ ਜੁਰਮਾਨਾ ਕੀਤਾ ਜਾਵੇ ਜਾਂ ਨਹੀਂ। ਹਸਪਤਾਲ ਨੂੰ ਤਿੰਨ ਵਿੱਤੀ ਸਾਲਾਂ ਲਈ ਔਸਤ ਟਰਨਓਵਰ ਦੇ 10% ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਸ਼ਿਕਾਇਤ ਤੋਂ ਬਾਅਦ ਸ਼ੁਰੂ ਹੋਈ ਸੀ ਜਾਂਚ

ਦਿੱਲੀ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਮੈਡੀਕਲ ਸਟੋਰ ਤੋਂ ਇਕ ਵਿਅਕਤੀ ਨੂੰ 19.5 ਰੁਪਏ ਦੀ ਡਿਸਪੋਜ਼ੇਬਲ ਸਰਿੰਜ ਦਿੱਤੀ ਗਈ। ਅਸ਼ੋਕ ਵਿਹਾਰ ਦੇ ਮੈਡੀਕਲ ਸਟੋਰ ਨੇ 10 ਰੁਪਏ 'ਚ ਦਿੱਤੀ। ਕੀਮਤ 'ਚ ਅੰਤਰ ਦੀ ਸ਼ਿਕਾਇਤ ਸੀ.ਸੀ.ਆਈ. ਨੂੰ ਕੀਤੀ ਗਈ। ਕਮਿਸ਼ਨ ਨੇ ਜਾਂਚ 'ਚ ਪਾਇਆ ਕਿ ਮਰੀਜ਼ਾਂ ਨੂੰ ਹਸਪਤਾਲ ਦੇ ਹੀ ਸਟੋਰ ਤੋਂ ਦਵਾਈ ਖਰੀਦਣ ਲਈ ਮਜ਼ਬੂਰ ਜਾਂਦਾ ਸੀ ਅਤੇ ਉਹ 527 ਫੀਸਦੀ ਤੱਕ ਮੁਨਾਫ਼ਾ ਕਮਾਉਂਦਾ ਸੀ। ਇਸ ਤੋਂ ਬਾਅਦ ਸੀ.ਸੀ.ਆਈ. ਨੇ ਹੋਰ ਹਸਪਤਾਲਾਂ ਅਤੇ ਫਾਰਮਾ ਸੈਕਟਰ ਦੀ ਜਾਂਚ ਸ਼ੁਰੂ ਕੀਤੀ। ਹਸਪਤਾਲ ਚੇਨ ਦੀ ਜਾਂਚ ਰਿਪੋਰਟ ਡਾਇਰੈਕਟਰ ਜਨਰਲ ਨੇ ਸੀ.ਸੀ.ਆਈ. ਨੂੰ 24 ਦਸੰਬਰ 2021 ਨੂੰ ਸੌਂਪੀ ਸੀ। 12 ਜੁਲਾਈ 2022 ਨੂੰ ਸੀ.ਸੀ.ਆਈ. ਨੇ ਰਿਪੋਰਟ ਦੀ ਕਾਪੀ ਸਾਰੇ ਹਸਪਤਾਲਾਂ ਨੂੰ ਭੇਜੀ ਅਤੇ ਜਵਾਬ ਮੰਗਿਆ। ਇਸ ਦੌਰਾਨ ਮੈਕਸ ਗਰੁੱਪ ਦੇ 6 ਹਸਪਤਾਲਾਂ ਨੇ ਸੀ.ਸੀ.ਆਈ. ਦੀ ਜਾਂਚ ਰਿਪੋਰਟ ਨੂੰ ਇਸ ਮਹੀਨੇ ਦਿੱਲੀ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਸਮੂਹ ਨੇ ਕਿਹਾ ਹੈ ਕਿ ਜਾਂਚ ਰਿਪੋਰਟ ਦਾ ਜਵਾਬ ਦੇਣ ਲਈ ਲੋੜੀਂਦਾ ਸਮਾਂ ਨਹੀਂ ਦਿੱਤਾ ਗਿਆ।


DIsha

Content Editor

Related News