JNU ਕੈਂਪਸ ’ਚ ਲਿਖੇ ਬ੍ਰਾਹਮਣ ਵਿਰੋਧੀ ਨਾਅਰੇ, ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ
Friday, Dec 02, 2022 - 12:28 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਕੈਂਪਸ ਦੀਆਂ ਕਈ ਇਮਾਰਤਾਂ ’ਤੇ ਵੀਰਵਾਰ ਨੂੰ ਬ੍ਰਾਹਮਣ ਵਿਰੋਧੀ ਨਾਅਰੇ ਲਿਖੇ ਗਏ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਬ੍ਰਾਹਮਣ ਅਤੇ ਬਣੀਆ ਭਾਈਚਾਰਿਆਂ ਖਿਲਾਫ ਨਾਅਰਿਆਂ ਨਾਲ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼-2 ਦੀ ਇਮਾਰਤ ’ਚ ਭੰਨਤੋੜ ਕੀਤੀ ਗਈ। ਇਸ ਪੂਰੇ ਘਟਨਾਕ੍ਰਮ ’ਤੇ ਜੇ. ਐੱਨ. ਯੂ. ਪ੍ਰਸ਼ਾਸਨ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕੰਧਾਂ ’ਤੇ ਲਿਖੇ ਨਾਅਰਿਆਂ ’ਚੋਂ ਕੁਝ ਨਾਅਰੇ ਹਨ, ‘‘ਬ੍ਰਾਹਮਣ ਕੰਪਲੈਕਸ ਛੱਡੋ’’, ‘‘ਖੂਨ-ਖ਼ਰਾਬਾ ਹੋਵੇਗਾ’’, ‘‘ਬ੍ਰਾਹਮਣ ਭਾਰਤ ਛੱਡੋ’’ ਅਤੇ ‘‘ਬ੍ਰਾਹਮਣ ਅਤੇ ਬਣੀਆ ਅਸੀਂ ਤੁਹਾਡੇ ਕੋਲ ਬਦਲਾ ਲੈਣ ਲਈ ਆ ਰਹੇ ਹਾਂ’’।
ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਵੀ. ਬੀ. ਪੀ.) ਨੇ ਇਸ ਘਟਨਾ ਲਈ ਖੱਬੇਪੱਖੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਏ. ਵੀ. ਬੀ. ਪੀ. ਦੀ ਜੇ. ਐੱਨ. ਯੂ. ਯੂਨਿਟ ਦੇ ਪ੍ਰਧਾਨ ਰੋਹਿਤ ਕੁਮਾਰ ਨੇ ਕਿਹਾ, “ਏ. ਵੀ. ਬੀ. ਪੀ. ਵਿਦਿਅਕ ਕੈਂਪਸ ’ਚ ਖੱਬੇਪੱਖੀ ਗੁੰਡਿਆਂ ਵਲੋਂ ਕੀਤੀ ਗਈ ਭੰਨਤੋੜ ਦੀ ਨਿੰਦਾ ਕਰਦੀ ਹੈ। ਖੱਬੇ ਪੱਖੀਆਂ ਨੇ ਜੇ. ਐੱਨ. ਯੂ. ਸਥਿਤ ਸਕੂਲ ਆਫ਼ ਇੰਟਰਨੈਸ਼ਨਲ ਸਟੱਡੀਜ਼-2 ਦੀ ਇਮਾਰਤ ’ਤੇ ਅਪਸਬਦ ਲਿਖੇ ਹਨ। ਉਨ੍ਹਾਂ ਆਜ਼ਾਦ ਸੋਚ ਰੱਖਣ ਵਾਲੇ ਪ੍ਰੋਫੈਸਰਾਂ ਨੂੰ ਧਮਕਾਉਣ ਲਈ ਉਨ੍ਹਾਂ ਦੇ ਚੈਂਬਰ ਖਰਾਬ ਕੀਤੇ ਹਨ। ਉਨ੍ਹਾਂ ਕਿਹਾ, ‘‘ਅਕਾਦਮਿਕ ਸਥਾਨ ਦੀ ਵਰਤੋਂ ਬਹਿਸ ਅਤੇ ਚਰਚਾ ਲਈ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਸਮਾਜ ਅਤੇ ਵਿਦਿਆਰਥੀਆਂ ਵਿਚਕਾਰ ਅਸਹਿਮਤੀ ਪੈਦਾ ਕਰਨ ਲਈ।’’ ਜੇ. ਐੱਨ. ਯੂ. ਟੀਚਰਜ਼ ਐਸੋਸੀਏਸ਼ਨ ਨੇ ਵੀ ਇਸ ਭੰਨਤੋੜ ਦੀ ਨਿੰਦਾ ਕਰਨ ਲਈ ਟਵੀਟ ਕੀਤਾ ਹੈ ਅਤੇ ਇਸ ਲਈ ‘ਖੱਬੇ-ਉਦਾਰਵਾਦੀ ਗਿਰੋਹ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ।