NEET ਪ੍ਰੀਖਿਆ ਦਾ ਦਬਾਅ ਨਹੀਂ ਝੱਲ ਸਕਿਆ 22 ਸਾਲਾ ਵਿਦਿਆਰਥੀ, 24 ਘੰਟੇ ਪਹਿਲਾਂ...

Saturday, Jun 20, 2026 - 03:20 PM (IST)

NEET ਪ੍ਰੀਖਿਆ ਦਾ ਦਬਾਅ ਨਹੀਂ ਝੱਲ ਸਕਿਆ 22 ਸਾਲਾ ਵਿਦਿਆਰਥੀ, 24 ਘੰਟੇ ਪਹਿਲਾਂ...

ਵੈੱਬ ਡੈਸਕ : ਦੇਸ਼ ਭਰ ਵਿਚ 21 ਜੂਨ ਨੂੰ ਹੋਣ ਵਾਲੀ ਨੀਟ (NEET) ਰੀ-ਐਗਜ਼ਾਮ ਤੋਂ ਪਹਿਲਾਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਵਿਚ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਹੇ ਇੱਕ 22 ਸਾਲਾ ਵਿਦਿਆਰਥੀ ਨੇ ਆਪਣੇ ਕਮਰੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਖ਼ੌਫ਼ਨਾਕ ਕਦਮ ਨੂੰ ਚੁੱਕਣ ਤੋਂ ਪਹਿਲਾਂ, ਵਿਦਿਆਰਥੀ ਨੇ ਆਪਣੇ ਮੋਬਾਈਲ ਵਿੱਚ ਇੱਕ ਭਾਵੁਕ ਵੀਡੀਓ ਵੀ ਰਿਕਾਰਡ ਕੀਤਾ ਹੈ, ਜਿਸ ਵਿੱਚ ਉਸਨੇ ਆਪਣੀ ਮਾਨਸਿਕ ਸਥਿਤੀ ਅਤੇ ਇਸ ਫ਼ੈਸਲੇ ਦੀ ਵਜ੍ਹਾ ਦੱਸੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਲਗਾਤਾਰ ਅਸਫ਼ਲਤਾਵਾਂ ਕਾਰਨ ਤਣਾਅ ਵਿੱਚ ਸੀ ਵਿਦਿਆਰਥੀ
ਸਾਹਮਣੇ ਆਈ ਜਾਣਕਾਰੀ ਅਨੁਸਾਰ, ਮ੍ਰਿਤਕ ਵਿਦਿਆਰਥੀ ਪਿਛਲੇ ਕਾਫੀ ਸਮੇਂ ਤੋਂ ਇਸ ਪ੍ਰੀਖਿਆ ਨੂੰ ਪਾਸ ਕਰਨ ਦੀ ਤਿਆਰੀ ਕਰ ਰਿਹਾ ਸੀ। ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਨਿਰਾਸ਼ਾ ਹੀ ਹੱਥ ਲੱਗ ਰਹੀ ਸੀ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਿਹਾ ਸੀ। ਵੀਰਵਾਰ ਦੀ ਰਾਤ ਨੂੰ ਉਹ ਹਮੇਸ਼ਾ ਦੀ ਤਰ੍ਹਾਂ ਆਪਣੇ ਕਮਰੇ ਵਿੱਚ ਸੌਣ ਅਤੇ ਪੜ੍ਹਾਈ ਕਰਨ ਗਿਆ ਸੀ, ਪਰ ਅਗਲੀ ਸਵੇਰ ਜਦੋਂ ਕਾਫੀ ਦੇਰ ਤੱਕ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਚਿੰਤਤ ਪਰਿਵਾਰ ਵਾਲਿਆਂ ਨੇ ਅੰਦਰ ਜਾ ਕੇ ਦੇਖਿਆ ਜਿੱਥੇ ਉਸਦੀ ਲਾਸ਼ ਫੰਦੇ ਨਾਲ ਲਟਕ ਰਹੀ ਸੀ।

ਖ਼ੁਦਕੁਸ਼ੀ ਤੋਂ ਪਹਿਲਾਂ ਰਿਕਾਰਡ ਕੀਤਾ ਵੀਡੀਓ
ਘਟਨਾ ਦੀ ਸੂਚਨਾ ਮਿਲਦੇ ਹੀ ਵਿਜੇਨਗਰ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਜਾਂਚ ਦੌਰਾਨ ਪੁਲਸ ਨੂੰ ਵਿਦਿਆਰਥੀ ਦੇ ਮੋਬਾਈਲ ਤੋਂ ਇੱਕ ਵੀਡੀਓ ਮਿਲਿਆ, ਜੋ ਉਸਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਰਿਕਾਰਡ ਕੀਤਾ ਸੀ। ਇਸ ਵੀਡੀਓ ਵਿੱਚ ਵਿਦਿਆਰਥੀ ਨੇ ਰੋਂਦੇ ਹੋਏ ਆਪਣੀ ਬੇਬਸੀ ਬਿਆਨ ਕੀਤੀ ਅਤੇ ਕਿਹਾ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਨੀਟ ਨਾ ਨਿਕਲਣ ਕਾਰਨ ਉਹ ਭਾਰੀ ਮਾਨਸਿਕ ਦਬਾਅ ਵਿੱਚ ਸੀ। ਉਸਨੇ ਵੀਡੀਓ ਵਿੱਚ ਇਹ ਵੀ ਸਾਫ਼ ਕੀਤਾ ਕਿ ਉਸਦੀ ਮੌਤ ਲਈ ਕੋਈ ਹੋਰ ਵਿਅਕਤੀ ਜ਼ਿੰਮੇਵਾਰ ਨਹੀਂ ਹੈ। ਪੁਲਸ ਨੇ ਵਿਦਿਆਰਥੀ ਦਾ ਮੋਬਾਈਲ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Baljit Singh

Content Editor

Related News