ਗੌਤਮ ਗੰਭੀਰ ਨੇ ਸ਼ੁਰੂ ਕੀਤੀ ਇਕ ਹੋਰ ਕੰਟੀਨ, 1 ਰੁਪਏ ’ਚ ਮਿਲੇਗਾ ਢਿੱਡ ਭਰ ਕੇ ਖਾਣਾ
Wednesday, Feb 10, 2021 - 03:55 PM (IST)
ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਅਤੇ ਬੀ.ਜੇ.ਪੀ. ਸਾਂਸਦ ਗੌਤਮ ਗੰਭੀਰ ਨੇ ਮੰਗਲਵਾਰ ਨੂੰ ਦਿੱਲੀ ਦੇ ਨਿਊ ਅਸ਼ੋਕ ਨਗਰ ਖੇਤਰ ’ਚ ਇਕ ਹੋਰ ਨਵੀਂ ਕੰਟੀਨ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਪਹਿਲਾਂ ਸਾਂਸਦ ਗੌਤਮ ਗੰਭੀਰ ਨੇ 24 ਦਸੰਬਰ ਨੂੰ ਗਾਂਧੀਨਗਰ ’ਚ ‘ਗੌਤਮ ਗੰਭੀਰ ਫਾਊਂਡੇਸ਼ਨ’ ਦੇ ਨਾਂ ਤੋਂ ਪਹਿਲਾਂ ਕੰਟੀਨ ਦੀ ਸ਼ੁਰੂਆਤ ਕੀਤੀ ਸੀ ਜਿਸ ’ਚ ਕਰੀਬ 1 ਹਜ਼ਾਰ ਲੋਕਾਂ ਨੂੰ ਰੋਜ਼ ਖਾਣਾ ਦਿੱਤਾ ਜਾਂਦਾ ਹੈ। ਮਯੂਰ ਵਿਹਾਰ ਵਾਲੀ ਇਸ ਕੰਟੀਨ ’ਚ ਵੀ ਇਕ ਰੁਪਏ ’ਚ ਲੋਕਾਂ ਨੂੰ ਢਿੱਡ ਭਰ ਕੇ ਖਾਣਾ ਮਿਲੇਗਾ। ਇਸ ਦਾ ਉਦਘਾਟਨ ਭਾਜਪਾ ਦੇ ਸੂਬਾ ਮੁਖੀ ਬੈਜਯੰਤ ਜੈ ਪਾਂਡਾ ਅਤੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕੀਤਾ।
ਗੌਤਮ ਦੀ ਕੀਤੀ ਰੱਜ ਕੇ ਤਾਰੀਫ਼
ਬੈਜਯੰਤ ਜੈ ਪਾਂਡਾ ਨੇ ਕਿਹਾ ਕਿ ਇਹ ਇਕ ਇਤਿਹਾਸਿਕ ਮੌਕਾ ਹੈ ਕਿਉਂਕਿ ਇਸ ਤਰ੍ਹਾਂ ਦੇ ਕੰਮ ਦਿੱਲੀ ’ਚ ਪਹਿਲੀ ਵਾਰ ਹੋ ਰਹੇ ਹਨ। ਕਈ ਸੂਬਾ ਸਰਕਾਰਾਂ ਨੂੰ ਗਰੀਬ ਲੋਕਾਂ ਦੇ ਢਿੱਡ ਭਰਨ ਲਈ ਕੰਟੀਨ ਖੋਲ੍ਹਦੇ ਦੇਖਿਆ ਹੈ ਪਰ ਦਿੱਲੀ ’ਚ ਅੱਜ ਤੱਕ ਅਜਿਹਾ ਕੁਝ ਨਹੀਂ ਹੋਇਆ ਸੀ। ਕੋਰੋਨਾ ਵਰਗੇ ਸੰਕਟ ਕਾਲ ’ਚ ਵੀ ਗੌਤਮ ਗੰਭੀਰ ਨੇ ਪੋਸ਼ਣ ਮੁਹਿੰਮ ਦੇ ਤਹਿਤ ਪੂਰਬੀ ਦਿੱਲੀ ਦੇ ਕਈ ਇਲਾਕਿਆਂ ’ਚ ਫੂਡ ਵੈਨ ਸ਼ੁਰੂ ਕਰਵਾਈ ਸੀ, ਜੋ ਕਿ ਲੋੜਮੰਦਾਂ ਨੂੰ ਖਾਣਾ ਦਿੰਦੀ ਸੀ। ਇਸ ਨੂੰ ਲੈ ਕੇ ਗੌਤਮ ਗੰਭੀਰ ਨੇ ਇਸ ਜਨ ਰਸੋਈ ਦੀ ਸ਼ੁਰੂਆਤ ਕੀਤੀ ਹੈ।
ਸੂਬਾ ਪ੍ਰਧਾਨ ਨੇ ਵੀ ਕੀਤੀ ਤਾਰੀਫ਼
ਉੱਧਰ ਦਿੱਲੀ ਬੀ.ਜੇ.ਪੀ. ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ ਸਰਕਾਰ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਵੱਡੇ-ਵੱਡੇ ਵਾਅਦੇ ਕਰਦੀ ਹੈ ਪਰ ਜਨਤਾ ਨੂੰ ਧੋਖਾ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੀ। ਉੱਧਰ ਸਾਡੇ ਸਾਂਸਦ ਗੌਤਮ ਗੰਭੀਰ ਦਿੱਲੀ ਨੂੰ ਸਭ ਤੋਂ ਚੰਗਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਉੱਧਰ ਸਾਂਸਦ ਗੌਤਮ ਗੰਭੀਰ ਦਾ ਕਹਿਣਾ ਹੈ ਕਿ ਗਾਂਧੀਨਗਰ ’ਚ ਚੱਲ ਰਹੀ ਰਸੋਈ ’ਚ ਹੁਣ ਤੱਕ 50 ਹਜ਼ਾਰ ਲੋਕ ਖਾਣਾ ਖਾ ਚੁੱਕੇ ਹਨ ਜਿਸ ’ਚ ਦੁਪਿਹਰ ਦੇ ਖਾਣੇ ’ਚ ਦਾਲ, ਚੌਲ, ਸਬਜ਼ੀ, ਰੋਟੀ ਦਿੱਤੀ ਜਾਂਦੀ ਹੈ। ਸਾਂਸਦ ਗੌਤਮ ਨੇ ਅੱਗੇ ਕਿਹਾ ਕਿ ਸਾਡਾ ਟੀਚਾ ਆਉਣ ਵਾਲੇ ਸਮੇਂ ’ਚ ਚਾਰ ਤੋਂ ਪੰਜ ਹੋਰ ਜਨ ਰਸੋਈ ਸ਼ੁਰੂ ਕਰਨ ਦਾ ਹੈ, ਜਿਸ ਨਾਲ ਦਿੱਲੀ ’ਚ ਬਹੁਤ ਸਾਰੇ ਗਰੀਬ ਲੋਕਾਂ ਦਾ ਢਿੱਡ ਭਰਿਆ ਜਾਵੇਗਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।